ਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਕਸ਼ਮੀਰ ਬਾਰੇ ਮਤਾ ਪੇਸ਼

ਵਾਸ਼ਿੰਗਟਨ- ਭਾਰਤ-ਅਮਰੀਕੀ ਮਹਿਲਾ ਕਾਂਗਰਸ ਮੈਂਬਰ ਪ੍ਰਮਿਲਾ ਜਯਾਪਾਲ ਨੇ ਜੰਮੂ ਕਸ਼ਮੀਰ ’ਚ ਸੰਚਾਰ ਪਾਬੰਦੀਆਂ ਹਟਾਉਣ ਅਤੇ ਹਿਰਾਸਤ ’ਚ ਲਏ ਗਏ ਆਗੂਆਂ ਨੂੰ ਰਿਹਾਅ ਕਰਨ ਲਈ ਭਾਰਤ ਨੂੰ ਬੇਨਤੀ ਕਰਦਿਆਂ ਇਸ ਬਾਬਤ ਮਤਾ ਪੇਸ਼ ਕੀਤਾ ਹੈ। ਇਹ ਮਤਾ ਪ੍ਰਤੀਨਿਧ ਸਭਾ ’ਚ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ। ਮਤੇ ਨੂੰ ਰਿਪਬਲਿਕਨ ਸਟੀਵ ਵਾਟਕਿਨਜ਼ ਦੀ ਹਮਾਇਤ ਪ੍ਰਾਪਤ ਹੈ। ਇਹ ਸਾਧਾਰਨ ਮਤਾ ਹੈ ਜਿਸ ’ਤੇ ਦੂਜੇ ਸਦਨ ਸੈਨੇਟ ’ਚ ਵੋਟਿੰਗ ਨਹੀਂ ਹੋ ਸਕਦੀ ਅਤੇ ਇਸ ਨੂੰ ਲਾਗੂ ਵੀ ਨਹੀਂ ਕਰਵਾਇਆ ਜਾ ਸਕਦਾ ਹੈ। ਕਸ਼ਮੀਰ ਬਾਰੇ ਅਮਰੀਕੀ ਕਾਂਗਰਸ ’ਚ ਅਜਿਹਾ ਦੂਜਾ ਮਤਾ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸਵਿਮੈੱਨ ਰਾਸ਼ਿਦਾ ਤਾਲਿਬ ਨੇ 21 ਨਵੰਬਰ ਨੂੰ ਮਤਾ ਪੇਸ਼ ਕੀਤਾ ਸੀ ਪਰ ਉਸ ਦੀ ਤਾਇਦ ਕਰਨ ਵਾਲਾ ਕੋਈ ਨਹੀਂ ਮਿਲਿਆ ਸੀ। ਭਾਰਤੀ-ਅਮਰੀਕੀਆਂ ਨੇ ਪ੍ਰਮਿਲਾ ਨੂੰ ਕਸ਼ਮੀਰ ਬਾਰੇ ਮਤਾ ਪੇਸ਼ ਨਾ ਕਰਨ ਦੀ ਬੇਨਤੀ ਕੀਤੀ ਸੀ। ਉਸ ਨੂੰ ਇਸ ਬਾਬਤ 25 ਹਜ਼ਾਰ ਤੋਂ ਵੱਧ ਈ-ਮੇਲ ਵੀ ਮਿਲੀਆਂ ਸਨ ਅਤੇ ਕੁਝ ਭਾਰਤੀ-ਅਮਰੀਕੀਆਂ ਨੇ ਉਸ ਨਾਲ ਮੁਲਾਕਾਤ ਕਰਕੇ ਵੀ ਮਤਾ ਪੇਸ਼ ਨਾ ਕਰਨ ਦੀ ਸਲਾਹ ਦਿੱਤੀ ਸੀ। ਭਾਰਤੀ-ਅਮਰੀਕੀਆਂ ਨੇ ਪ੍ਰਮਿਲਾ ਦੇ ਦਫ਼ਤਰ ਬਾਹਰ ਸ਼ਾਂਤਮਈ ਪ੍ਰਦਰਸ਼ਨ ਵੀ ਕੀਤੇ ਸਨ। ਪ੍ਰਮਿਲਾ ਨੇ ਟਵੀਟ ਕਰਕੇ ਦੱਸਿਆ ਕਿ ਜੰਮੂ ਕਸ਼ਮੀਰ ’ਚ ਸੰਚਾਰ ਪਾਬੰਦੀਆਂ ਅਤੇ ਬੰਦੀਆਂ ਨੂੰ ਫੌਰੀ ਰਿਹਾਅ ਕਰਨ ਲਈ ਭਾਰਤ ਸਰਕਾਰ ਨੂੰ ਬੇਨਤੀ ਕਰਨ ਵਾਲਾ ਮਤਾ ਪੇਸ਼ ਕੀਤਾ ਹੈ ਤਾਂ ਜੋ ਲੋਕਾਂ ਦੀ ਧਾਰਮਿਕ ਆਜ਼ਾਦੀ ਨੂੰ ਬਹਾਲ ਕੀਤਾ ਜਾ ਸਕੇ। ਪ੍ਰਮਿਲਾ ਨੇ ਕਿਹਾ ਕਿ ਉਸ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੰਘਰਸ਼ ਕੀਤਾ ਸੀ ਪਰ ਲੋਕਾਂ ਨੂੰ ਬਿਨਾਂ ਕਿਸੇ ਦੋਸ਼ ਦੇ ਹਿਰਾਸਤ ’ਚ ਰੱਖਣਾ ਅਤੇ ਤੀਜੀ ਧਿਰ ਨੂੰ ਖ਼ਿੱਤੇ ’ਚ ਨਾ ਜਾਣ ਦੇਣ ਤੋਂ ਰੋਕਣ ਨਾਲ ਸਬੰਧ ਵਿਗੜ ਸਕਦੇ ਹਨ। ਮਤੇ ’ਚ ਭਾਰਤ ਨੂੰ ਹਿਰਾਸਤ ’ਚ ਲਏ ਗਏ ਲੋਕਾਂ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਖ਼ਿਲਾਫ਼ ਵਧੀਕੀ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਮਤੇ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਕੌਮਾਂਤਰੀ ਮਨੁੱਖੀ ਹੱਕਾਂ ਦੇ ਅਬਜ਼ਰਵਰਾਂ ਅਤੇ ਪੱਤਰਕਾਰਾਂ ਨੂੰ ਜੰਮੂ ਕਸ਼ਮੀਰ ’ਚ ਜਾਣ ਦੀ ਇਜਾਜ਼ਤ ਦੇਵੇ ਅਤੇ ਬਿਨਾਂ ਧਮਕੀਆਂ ਤੋਂ ਉਨ੍ਹਾਂ ਨੂੰ ਭਾਰਤ ’ਚ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇ।

Previous articleਧਨੋਆ ਦੇ ਸਨਮਾਨ ਵਜੋਂ ਰਾਫ਼ਾਲ ਜੈੱਟਾਂ ਉੱਤੇ ‘ਬੀਐੱਸ’ ਲਿਖਿਆ ਜਾਵੇਗਾ
Next articleਜਿਨਸੀ ਸ਼ੋਸ਼ਣ: ਪੀੜਤ ਡਾਕਟਰ ਤੇ ਛੇ ਲੜਕੀਆਂ ਗ੍ਰਿਫ਼ਤਾਰ