ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੋਂ ਦੇ ਹਸਪਤਾਲ ’ਚ ਜ਼ੇਰੇ ਇਲਾਜ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਨਾਲ ਐਤਵਾਰ ਸ਼ਾਮ ਮੁਲਾਕਾਤ ਕਰ ਕੇ ਕਰੀਬ 15 ਮਿੰਟ ਤੱਕ ਉਨ੍ਹਾਂ ਦੀ ਮਿਜ਼ਾਜਪੁਰਸ਼ੀ ਕੀਤੀ। ਸ਼ਹਿਰ ਦੇ ਬੰਦ ਗਾਰਡਨ ਇਲਾਕੇ ’ਚ ਸਥਿਤ ਰੂਬੀ ਹਾਲ ਕਲੀਨਿਕ ਦੇ ਸੀਨੀਅਰ ਡਾਕਟਰਾਂ ਮੁਤਾਬਕ ਪ੍ਰਧਾਨ ਮੰਤਰੀ ਸ਼ਾਮ 6 ਵਜੇ ਭਾਜਪਾ ਦੇ ਸਾਬਕਾ ਆਗੂ ਨੂੰ ਮਿਲਣ ਲਈ ਪੁੱਜੇ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ‘ਉਨ੍ਹਾਂ ਨਾਲ ਵਧੀਆ ਗੱਲਬਾਤ ਹੋਈ ਹੈ ਅਤੇ ਅਸੀਂ ਉਨ੍ਹਾਂ ਦੇ ਲੰਬੇ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੇ ਹਾਂ।’ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਦਾ ਹਸਪਤਾਲ ਦਾ ਦੌਰਾ ਅਣਐਲਾਨਿਆ ਸੀ। ਉਂਜ ਉਹ ਪੁਣੇ ’ਚ ਆਈਜੀਜ਼ ਅਤੇ ਡੀਜੀਪੀਜ਼ ਦੀ ਕਾਨਫਰੰਸ ’ਚ ਹਿੱਸਾ ਲੈਣ ਲਈ ਆਏ ਸਨ। ਜ਼ਿਕਰਯੋਗ ਹੈ ਕਿ ਸ੍ਰੀ ਸ਼ੋਰੀ ਪਹਿਲੀ ਦਸੰਬਰ ਨੂੰ ਲਵਾਸਾ (ਪੁਣੇ) ’ਚ ਆਪਣੇ ਬੰਗਲੇ ਨੇੜੇ ਸੈਰ ਕਰਦਿਆਂ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਸਿਰ ’ਚ ਸੱਟ ਲੱਗੀ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ ’ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
INDIA ਮੋਦੀ ਨੇ ਹਸਪਤਾਲ ’ਚ ਸ਼ੋਰੀ ਦਾ ਹਾਲ-ਚਾਲ ਪੁੱਛਿਆ