ਖੋਜੀਆਂ ਨੇ ਖਾਣ-ਪੀਣ ਵਿਚ ਸਮੇਂ ਦੀ ਪਾਬੰਦੀ ਨੂੰ ਲੈ ਕੇ ਕੀਤੇ ਅਧਿਐਨ ‘ਚ ਪਾਇਆ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ, ਜਿਨ੍ਹਾਂ ਦੇ ਡਾਇਬਟੀਜ਼ ਤੋਂ ਪੀੜਤ ਹੋਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ। ਜੇਕਰ ਅਜਿਹੇ ਲੋਕ ਤਿੰਨ ਮਹੀਨੇ ਤਕ ਰੋਜ਼ਾਨਾ ਸਿਰਫ਼ 10 ਘੰਟੇ ਜਾਂ ਇਸ ਤੋਂ ਘੱਟ ਸਮੇਂ ਵਿਚ ਆਪਣਾ ਖਾਣ-ਪੀਣ ਪੂਰਾ ਕਰ ਲੈਂਦੇ ਹਨ ਤਾਂ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਸਕਦਾ ਹੈ।
ਸੈੱਲ ਮੈਟਾਬੌਲਿਜ਼ਮ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ, ਖਾਣ ‘ਚ ਸਮੇਂ ਦੀ ਪਾਬੰਦੀ ਨਾਲ ਮੈਟਾਬੌਲਿਕ ਸਿੰਡਰੋਮ ਤੋਂ ਪੀੜਤ ਲੋਕਾਂ ਦੀ ਸਿਹਤ ਵਿਚ ਸੁਧਾਰ ਪਾਇਆ ਗਿਆ। ਹਾਈ ਬਲੱਡ ਪ੍ਰਰੈਸ਼ਰ ਅਤੇ ਕੋਲੈਸਟਰੋਲ ਪੱਧਰ ਵਰਗੇ ਕਾਰਕਾਂ ਦੇ ਸਮੂਹ ਦਾ ਨਾਂ ਮੈਟਾਬੌਲਿਕ ਸਿੰਡਰੋਮ ਹੈ। ਇਸ ਤਰ੍ਹਾਂ ਦੇ ਕਾਰਕਾਂ ਨਾਲ ਦਿਲ ਸਬੰਧੀ ਰੋਗਾਂ ਤੋਂ ਲੈ ਕੇ ਸਟਰੋਕ ਅਤੇ ਡਾਇਬਟੀਜ਼ ਤਕ ਦਾ ਖ਼ਤਰਾ ਵੱਧ ਜਾਂਦਾ ਹੈ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਖੋਜੀ ਸਚਿਨ ਪਾਂਡਾ ਨੇ ਕਿਹਾ, 10 ਘੰਟੇ ਦੌਰਾਨ ਖਾਣ-ਪੀਣ ਨਬੇੜ ਲੈਣ ਨਾਲ ਬਾਕੀ 14 ਘੰਟੇ ਦੇ ਸਮੇਂ ਵਿਚ ਤੁਹਾਡੇ ਸਰੀਰ ਨੂੰ ਦਰੁਸਤ ਹੋਣ ਦਾ ਮੌਕਾ ਮਿਲ ਜਾਂਦਾ ਹੈ।