ਵਿਜੀਲੈਂਸ ਵੱਲੋਂ ਕਾਂਗਰਸੀ ਵਿਧਾਇਕ ਪਾਹੜਾ ਤੇ ਪਰਿਵਾਰਕ ਮੈਂਬਰਾਂ ਕੋਲੋਂ ਅੱਠ ਘੰਟੇ ਪੁੱਛ-ਪੜਤਾਲ

ਗੁਰਦਾਸਪੁਰ (ਸਮਾਜ ਵੀਕਲੀ) : ਵਿਜੀਲੈਂਸ ਵੱਲੋਂ ਅੱਜ ਸਥਾਨਕ ਦਫ਼ਤਰ ਵਿੱਚ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਕਰੀਬ ਅੱਠ ਘੰਟੇ ਪੁੱਛ-ਪੜਤਾਲ ਕੀਤੀ ਗਈ। ਵਿਧਾਇਕ ਪਾਹੜਾ ’ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਲੱਗੇ ਹਨ, ਜਿਸ ਸਬੰਧੀ ਉਨ੍ਹਾਂ ਦੇ ਸਾਰੇ ਪਰਿਵਾਰ ਦੇ ਬੈਂਕ ਖਾਤਿਆਂ ਦੇ ਵੇਰਵੇ ਵਿਜੀਲੈਂਸ ਨੇ ਘੋਖੇ ਹਨ। ਵਿਧਾਇਕ ਪਾਹੜਾ ਨੂੰ ਅੱਜ ਪਹਿਲੀ ਵਾਰ ਸੱਦਿ ਗਿਆ ਸੀ। ਇਸ ਮੌਕੇ ਡੀਐੱਸਪੀ ਅਤੇ ਐੱਸਐੱਸਪੀ ਵਿਜੀਲੈਂਸ ਨੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ, ਪਿਤਾ ਗੁਰਮੀਤ ਸਿੰਘ ਪਾਹੜਾ ਤੇ ਤਾਏ ਦੇ ਲੜਕੇ ਜਗਮੀਤ ਸਿੰਘ ਪਾਹੜਾ ਤੋਂ ਸਵੇਰੇ 9.30 ਤੋਂ ਸ਼ਾਮ 5.00 ਵਜੇ ਤੱਕ ਪੁੱਛ-ਪੜਤਾਲ ਕੀਤੀ।

ਸ਼ਾਮ ਨੂੰ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ ਵਿਧਾਇਕ ਪਾਹੜਾ ਨੇ ਕਿਹਾ ਕਿ ਹੁਣ ਤੱਕ ਦੀ ਪੁੱਛ-ਪੜਤਾਲ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੈ।

ਉਨ੍ਹਾਂ ਕਿਹਾ ਕਿ ਪੁੱਛ-ਪੜਤਾਲ ਦੌਰਾਨ ਐੱਸਐੱਸਪੀ ਨੂੰ ਵਾਰ-ਵਾਰ ਕਿਸੇ ਦੇ ਫ਼ੋਨ ਆ ਰਹੇ ਸਨ, ਜਿਸ ਨੂੰ ਸੁਣਨ ਲਈ ਉਹ ਬਾਹਰ ਜਾਂਦੇ ਰਹੇ। ਇਸ ਤੋਂ ਸਾਫ਼ ਹੈ ਕਿ ਕੋਈ ਬਾਹਰੀ ਵਿਅਕਤੀ ਉਨ੍ਹਾਂ ਨੂੰ ਹਦਾਇਤ ਕਰ ਰਿਹਾ ਸੀ। ਜੇਕਰ ਵਿਜੀਲੈਂਸ ਬਿਨਾਂ ਕਿਸੇ ਦਬਾਅ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੋਏ ਬਿਨਾਂ ਸਵਾਲ ਕਰੇ ਤਾਂ ਉਹ ਹਰੇਕ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਮੰਗੇ ਗਏ ਹਨ, ਜਿਸ ਸਬੰਧੀ ਸਾਰੀ ਜਾਣਕਾਰੀ ਉਹ ਇੱਕ ਹਫ਼ਤੇ ਦੇ ਅੰਦਰ ਦੇ ਦੇਣਗੇ। ਉਨ੍ਹਾਂ ਕਿਹਾ ਕਿ ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਦੋਸ਼ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨ ਭਰਾ ਇਕੱਠੇ ਰਹਿੰਦੇ ਹਨ ਤੇ ਆਪਣੀ ਮਿਹਨਤ ਨਾਲ ਸਾਰੀ ਜਾਇਦਾਦ ਬਣਾਈ ਹੈ। ਦੂਜੇ ਪਾਸੇ ਐੱਸਐੱਸਪੀ ਵਿਜੀਲੈਂਸ ਵਰਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਨਿੱਜੀ ਫ਼ੋਨ ਆਇਆ ਸੀ, ਜਿਸ ਨੂੰ ਸੁਣਨ ਲਈ ਉਹ ਬਾਹਰ ਗਏ ਸਨ।

ਡੀਐੱਸਪੀ ਨੇ ਵਿਧਾਇਕ ਨੂੰ ਮਾਰਿਆ ਸਲੂਟ

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਜਿਵੇਂ ਹੀ ਜਾਂਚ ਲਈ ਡੀਐੱਸਪੀ ਨਿਰਮਲ ਸਿੰਘ ਦੇ ਕਮਰੇ ਵਿੱਚ ਗਏ ਤਾਂ ਡੀਐੱਸਪੀ ਨੇ ਉਸੇ ਵੇਲੇ ਕੁਰਸੀ ਤੋਂ ਉੱਠ ਕੇ ਉਨ੍ਹਾਂ ਨੂੰ ਸਲੂਟ ਮਾਰਿਆ। ਇਸ ਗੱਲ ਤੋਂ ਚਰਚਾ ਚੱਲ ਪਈ ਹੈ ਕਿ ਜੇਕਰ ਜਾਂਚ ਅਧਿਕਾਰੀ ਦੋਸ਼ਾਂ ’ਚ ਘਿਰੇ ਵਿਧਾਇਕ ਦਾ ਪ੍ਰਭਾਵ ਲੈਂਦੇ ਹੋਏ ਉਸ ਨੂੰ ਸਲੂਟ ਮਾਰਨਗੇ ਤਾਂ ਉਹ ਨਿਰਪੱਖਤਾ ਨਾਲ ਜਾਂਚ ਕਿਵੇਂ ਕਰ ਸਕਣਗੇ। ਉੱਧਰ, ਵਿਧਾਇਕ ਨੇ ਇਸ ਮਾਮਲੇ ਸਬੰਧੀ ਸਲੂਟ ਨੂੰ ਸਹੀ ਅਤੇ ਪ੍ਰੋਟੋਕੋਲ ਦੱਸਿਆ। ਇਸ ਸਬੰਧੀ ਜਦ ਵਿਜੀਲੈਂਸ ਦੇ ਡੀਐੱਸਪੀ ਨਿਰਮਲ ਸਿੰਘ ਨਾਲ ਫ਼ੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਐੱਸਐੱਸਪੀ ਵਿਜੀਲੈਂਸ ਵਰਿੰਦਰ ਕੁਮਾਰ ਨੇ ਕਿਹਾ ਕੇ ਜਦੋਂ ਇਹ ਸਭ ਹੋਇਆ ਤਾਂ ਉਹ ਦਫ਼ਤਰ ਵਿੱਚ ਨਹੀਂ ਸਨ। ਵੈਸੇ ਉਹ ਇਸ ਗੱਲ ਦੀ ਜਾਂਚ ਕਰਵਾਉਣਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਵਰਕੌਮ ਦੀ ਪਛਵਾੜਾ ਕੋਲਾ ਖਾਣ ਤੋਂ ਖ਼ੁਦਾਈ ਸ਼ੁਰੂ
Next articleਵਿਜੀਲੈਂਸ ਨੂੰ ਵੇਰਵੇ ਸੌਂਪਣ ਲਈ ਓਪੀ ਸੋਨੀ ਨੇ ਹੋਰ ਸਮਾਂ ਮੰਗਿਆ