ਭਾਰਤੀ ਕਪਾਹ ਨਿਗਮ (ਸੀ.ਸੀ.ਆਈ) ਵੱਲੋਂ ਨਰਮੇ ਦੀ ਸ਼ੁਰੂ ਕੀਤੀ ਖਰੀਦ ਸਬੰਧੀ ਹੁਣ ਕਿਸਾਨ ਅਤੇ ਆੜ੍ਹਤੀਏ ਆਪੋ-ਆਪਣੇ ਹੱਕਾਂ ਨੂੰ ਲੈ ਕੇ ਅੰਦੋਲਨ ਦੇ ਰਾਹ ਪੈ ਗਏ ਹਨ। ਇਸ ਕਾਰਨ ਜਿਥੇ ਤਣਾਅ ਵਧ ਗਿਆ ਹੈ ਉਥੇ ਪੁਲੀਸ ਪ੍ਰਸ਼ਾਸ਼ਨ ਵੀ ਹਰਕਤ ਵਿੱਚ ਆ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਆੜ੍ਹਤੀਏ ਅਤੇ ਕਪਾਹ ਫੈਕਟਰੀ ਵਾਲੇ ਆਪਸ ਵਿੱਚ ਮਿਲ ਕੇ ਕਿਸਾਨਾਂ ਦਾ ਨਰਮਾ ਸੀਸੀਆਈ ਨੂੰ ਨਹੀਂਂ ਖਰੀਦਣ ਦੇ ਰਹੇ, ਜਦੋਂ ਕਿ ਆੜ੍ਹਤੀਆਂ ਦਾ ਆਖਣਾ ਹੈ ਕਿ ਸੀਸੀਆਈ ਖਰੀਦ ਵਿੱਚ ਕਿਸਾਨਾਂ ਸਮੇਤ ਆੜ੍ਹਤੀਆਂ ਨੂੰ ਰਗੜਾ ਲਾ ਰਹੀ ਹੈ। ਫਿਲਹਾਲ ਪ੍ਰਸ਼ਾਸ਼ਨ ਨੇ ਦੋਹਾਂ ਧਿਰਾਂ ਨੂੰ ਸਾਂਤ ਰਹਿਣ ਲਈ ਕਿਹਾ ਹੈ। ਉਂਜ ਦਿਨ ਵੇਲੇ ਦੋਹਾਂ ਧਿਰਾਂ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ, ਜਿਸ ਪਿੱਛੋਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਘਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਸੀ ਅਤੇ ਆੜ੍ਹਤੀਆਂ ਨੇ ਅਨਾਜ ਮੰਡੀ ਵਿੱਚ ਮੀਟਿੰਗ ਕਰ ਕੇ ਭੜਾਸ ਕੱਢੀ ਸੀ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮੰਗ ਕੀਤੀ ਕਿ ਸਰਕਾਰੀ ਖਰੀਦ ਵਿੱਚ ਅੜਿੱਕੇ ਪਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰੋਕੀ ਹੋਈ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕੱਲ੍ਹ ਖਰੀਦ ਰੁਕਣ ਤੋਂ ਬਾਅਦ ਕਿਸਾਨ ਜਥੇਬੰਦੀ ਨੇ ਸੀਸੀਆਈ ਦੇ ਖਰੀਦ ਇੰਸਪੈਕਟਰ ਦਾ ਮੰਡੀ ਵਿੱਚ ਘਿਰਾਓ ਕੀਤਾ ਸੀ। ਸ਼ਾਮ ਸਮੇਂ ਤਹਿਸੀਲਦਾਰ ਮਾਨਸਾ ਨੇ ਮੌਕੇ ’ਤੇ ਪੁੱਜ ਕੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅੱਜ ਜਦੋਂ ਮੀਟਿੰਗ ਨਾ ਹੋਈ, ਤਾਂ ਕਿਸਾਨ ਭੜਕ ਉੱਠੇ।
ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਵੱਲੋਂ ਤੈਅ ਕੀਤਾ ਨਰਮੇ ਦਾ ਸਰਕਾਰੀ ਰੇਟ 5450/- ਰੁਪਏ ਵੀ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਅਤੇ ਆੜ੍ਹਤੀਆਂ ਵੱਲੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਅੜਿੱਕੇ ਪਾਏ ਜਾ ਰਹੇ ਹਨ। ਇਸ ਮੌਕੇ ਇੰਦਰਜੀਤ ਝੱਬਰ, ਉਤਮ ਰਾਮਾਂਨੰਦੀ, ਜਗਦੇਵ ਭੈਣੀਬਾਘਾ, ਮਲਕੀਤ ਕੋਟਧਰਮੂ, ਜੱਗਾ ਸਿੰਘ ਜਟਾਣਾ, ਸਾਧੂ ਅਲੀਸ਼ੇਰ ਨੇ ਸੰਬੋਧਨ ਕੀਤਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਐਸ.ਡੀ.ਐਮ. ਨੇ ਕਿਸਾਨਾਂ ਦੀ ਸਟੇਜ ਤੋਂ ਐਲਾਨ ਕੀਤਾ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਉੱਧਰ ਆੜ੍ਹਤੀਆ ਐਸੋਸੀਏਸਨ ਨੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆਂ ਦੀ ਪ੍ਰਧਾਨਗੀ ਹੇਠ ਇਕੱਠ ਕਰਕੇ ਸੀਸੀਆਈ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਸੀਸੀਆਈ ਨੂੰ ਪੰਜਾਬ ਵਿੱਚ ਨਰਮੇ ਦੀ ਸਿੱਧੀ ਖਰੀਦ ਕਰਨ ਤੋਂ ਜਲਦੀ ਨਾ ਰੋਕਿਆ ਤਾਂ ਇਸ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸੀਸੀਆਈ ਦੇ ਅਧਿਕਾਰੀ ਮੰਡੀ ਵਿੱਚ ਢੇਰੀ ਕੀਤੇ ਨਰਮੇ ਨੂੰ ਨਹੀਂ ਖਰੀਦਦੇ ਅਤੇ ਸਿੱਧਾ ਟਰਾਲੀ ਰਾਹੀਂ ਨਰਮਾ ਖਰੀਦਦੇ ਹਨ। ਇਸ ਨਾਲ ਛੋਟੇ ਕਿਸਾਨਾਂ ਵਿੱਤੀ ਨੁਕਸਾਨ ਹੁੰਦਾ ਹੈ। ਹੋਰਨਾਂ ਤੋਂ ਇਲਾਵਾ ਚੰਦਰ ਕਾਂਤ ਕੁਕੀ, ਅਮਰਨਾਥ ਅਮਰਾ, ਅਸੋਕ ਦਾਨੇਵਾਲੀਆਂ, ਤਰਸੇਮ ਕੱਦੂ, ਰੋਸ਼ਨ ਲਾਲ ਆਦਿ ਨੇ ਇਸ ਮੌਕੇ ਸੰਬੋਧਨ ਕੀਤਾ।
INDIA ਨਰਮੇ ਦੀ ਖਰੀਦ ਨੂੰ ਲੈ ਕੇ ਕਿਸਾਨ ਅਤੇ ਆੜ੍ਹਤੀ ਆਹਮੋ-ਸਾਹਮਣੇ