ਭਾਰਤ ਦੇ ਡਿੱਗਦੇ ਅਰਥਚਾਰੇ ’ਤੇ ਅੱਜ ਸੰਸਦ ਵਿੱਚ ਹੰਗਾਮਾ ਹੋਇਆ। ਵਿਰੋਧੀ ਧਿਰਾਂ ਨੇ ਡਿੱਗਦੀ ਵਿਕਾਸ ਦਰ ਦਾ ਹਵਾਲਾ ਦਿੰਦਿਆਂ ਸਰਕਾਰ ’ਤੇ ਹਮਲਾ ਬੋਲਿਆ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਰਥਚਾਰੇ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਜ਼ਾਹਰ ਕਰਦਿਆਂ ਸਰਕਾਰ ਨੂੰ ਕਿਹਾ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਕਾਰਗਰ ਕਦਮ ਚੁੱਕੇ। ਕਾਂਗਰਸੀ ਆਗੂ ਅਧੀਰ ਰੰਜਨ ਨੇ ਭਾਜਪਾ ਨੂੰ ਸੁਝਾਅ ਦਿੱਤਾ ਕਿ ਉਹ ਮੌਜੂਦਾ ਆਰਥਿਕ ਮੰਦੀ ਦੇ ਟਾਕਰੇ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਸਲਾਹ ਲਏ। ਉਨ੍ਹਾਂ ਕਿਹਾ ਕਿ ਨੋਟਬੰਦੀ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਦੀ ਚਿਤਾਵਨੀ ਸਹੀ ਸਾਬਤ ਹੋਈ ਹੈ।
ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਕੁਲ ਘਰੇਲੂ ਉਤਪਾਦ (ਜੀਡੀਪੀ)ਦਾ ਕੋਈ ਵਜੂਦ ਨਹੀਂ ਹੈ ਅਤੇ ਇਸ ਨੂੰ ਬਾਈਬਲ, ਰਾਮਾਇਣ ਅਤੇ ਮਹਾਭਾਰਤ ਵਾਂਗ ਨਹੀਂ ਦੇਖਿਆ ਜਾਣਾ ਚਾਹੀਦਾ। ਟੈਕਸ ਕਾਨੂੰਨ ਸੋਧ ਬਿੱਲ ’ਤੇ ਬਹਿਸ ਵਿਚ ਹਿੱਸਾ ਲੈਂਦਿਆਂ, ਦੂਬੇ ਨੇ ਕਿਹਾ, ‘ਸਦੀਵੀ ਆਰਥਿਕ ਵਿਕਾਸ ਜੀਡੀਪੀ ਨਾਲੋਂ ਵਧੇਰੇ ਮਹੱਤਵਪੂਰਨ ਹੈ।’ ਵਿਰੋਧੀ ਧਿਰਾਂ ਦੇ ਹਮਲਿਆਂ ਨੂੰ ਮੱਠਾ ਕਰਨ ਦੀ ਕੋਸ਼ਿਸ਼ ਵਜੋਂ ਦੂਬੇ ਨੇ ਦਾਅਵਾ ਕੀਤਾ ਕਿ ਜੀਡੀਪੀ 1934 ਤੋਂ ਪਹਿਲਾਂ ਮੌਜੂਦ ਨਹੀਂ ਸੀ।
ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਚੁਟਕੀ ਲੈਂਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ‘ਨਿਰਬਲਾ’ ਆਖਿਆ, ਜਿਸ ਦਾ ਭਾਜਪਾ ਵੱਲੋਂ ਸ਼ਖ਼ਤ ਵਿਰੋਧ ਕੀਤਾ ਗਿਆ। ਚੌਧਰੀ ਨੇ ਕਿਹਾ ਕਿ ਵਿੱਤ ਮੰਤਰੀ ਕਮਜ਼ੋਰ ਹੋ ਗਏ ਹਨ। ਉਨ੍ਹਾਂ ਸੀਤਾਰਾਮਨ ਨੂੰ ‘ਨਿਰਬਲਾ’ ਕਿਹਾ। ਆਪਣੇ ਜਵਾਬ ਵਿੱਚ ਸੀਤਾਰਾਮਨ ਨੇ ਚੌਧਰੀ ਦੀ ਟਿੱਪਣੀ ’ਤੇ ਸਿੱਧਾ ਕੁਝ ਕਹਿਣ ਦੀ ਥਾਂ ਆਪਣਾ ਭਾਸ਼ਣ ਇਹ ਕਹਿੰਦਿਆਂ ਖਤਮ ਕੀਤਾ ਕਿ ਉਹ ਅਜੇ ਵੀ ਨਿਰਮਲਾ ਅਤੇ ਸਬਲਾ ਹਨ। ਚੌਧਰੀ ਨੇ ਇਹ ਕਹਿੰਦਿਆਂ ਸਰਕਾਰ ’ਤੇ ਹਮਲਾ ਕੀਤਾ ਕਿ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ ਕੰਮ ਨਾ ਕਰਨ ਵਾਲੀ ਸਰਕਾਰ ਹੈ। ਇਹ ਸਿਰਫ ਵਾਅਦੇ ਕਰਦੀ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਚੌਧਰੀ ਤੋਂ ਇਸ ਟਿੱਪਣੀ ਲਈ ਮੁਆਫ਼ੀ ਅਤੇ ਆਪਣੇ ਸ਼ਬਦ ਵਾਪਸ ਲੈਣ ਦੀ ਮੰਗ ਕੀਤੀ, ਜਿਸ ਤੋਂ ਚੌਧਰੀ ਨੇ ਇਨਕਾਰ ਕਰਦਿਆਂ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਨੂੰ ਕਾਰਵਾਈ ਵਿਚੋਂ ਹਟਾ ਦਿਓ।
HOME ਅਰਥਚਾਰੇ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ