ਦੱਸ ਤੂੰ ਕੀ ਵਾਰੇਗਾ????

(ਸਮਾਜ ਵੀਕਲੀ)

ਕਿਤੇ ਟੱਲੀਆਂ ਟੱਲ ਖੜਤਾਲਾਂ ਦੇ,
ਵਿੱਚ ਮਸਤ ਮਨੂੰ ਦੀਆਂ ਚਾਲਾਂ ਦੇ।
ਕਿਤੇ ਪੂਜਾ ਤੇ ਕਿਤੇ ਬੁੱਤ ਖ਼ਾਨੇ,
ਕਿਤੇ ਚਿਮਟੇ ਢੋਲ ਧਮਾਲਾਂ ਦੇ।
ਉਏ ਜਿਹਨਾਂ ਨੇ ਜੀਵਨ ਦਿੱਤਾ,
ਝਾਤੀ ਪੁਰਖਿਆਂ ਵੱਲ ਕਦ ਮਾਰੇਗਾ।
ਬਾਬਾ ਸਾਹਿਬ ਨੇ ਵਾਰ ਸਰਬੰਸ ਦਿੱਤਾ,
ਦੱਸ ਤੂੰ ਕੀ ਵਾਰੇਗਾ????

ਰੁਸ਼ਨਾਉਣ ਲਈ ਕੁੱਲੀਆਂ ਤੇ ਢਾਰੇ,
ਨਿੱਤ ਖ਼ੂਨ ਜਿਗਰ ਦਾ ਬਾਲਦੇ ਰਏ।
ਸੋਹਣੀ ਲਿਖ਼ਣ ਲਈ ਤਕਦੀਰ ਤੇਰੀ,
ਉਹ ਚੁਣ-ਚੁਣ ਅੱਖਰ ਭਾਲਦੇ ਰਏ।
ਤੈਨੂੰ ਫਰਸੋ਼ ਅਰਸ਼ ਬਿਠਾ ਦਿੱਤਾ,
ਦੱਸ ਤੂੰ ਕੀ ਕਰਜ ਉਤਾਰੇਗਾ।
ਬਾਬਾ ਸਾਹਿਬ ਨੇ ਵਾਰ ਸਰਬੰਸ ਦਿੱਤਾ,
ਦੱਸ ਤੂੰ ਕੀ ਵਾਰੇਗਾ????

ਸਦੀਆਂ ਤੋਂ ਭੁੱਖ਼ੇ ਲੋਕ ਅਸੀਂ,
ਭੁੱਲ ਗਏ ਆਂ ਕੱਟੇ ਫਾਕਿਆਂ ਨੂੰ।
ਬੱਸ ਏਸੇ ਗੱਲ ਦਾ ਰੋਣਾਂ ਏ,
ਭੁੱਲ ਗਏ ਆਂ ਆਪਣੇ ਦਾਤਿਆਂ ਨੂੰ।
ਮੱਕਾਰੀਆਂ ਅਤੇ ਨਾਲਾਇਕੀਆਂ,ਦੱਸ ਤੂੰ ਕਦੋਂ ਸੁਧਾਰੇਗਾ।
ਬਾਬਾ ਸਾਹਿਬ ਨੇ ਵਾਰ ਸਰਬੰਸ ਦਿੱਤਾ,
ਦੱਸ ਤੂੰ ਕੀ ਵਾਰੇਗਾ????

ਦੁਸ਼ਮਣ ਦੀਆਂ ਬੁੱਤੀਆ ਕਰ-ਕਰ ਕੇ,
ਕਰੀ ਜਾਏਂ ਗ਼ੁਲਾਮੀ ਪੱਕੀ ਤੂੰ।
ਤੂੰ ਮੀਤ ਬਣਿਆ ਦੁਸ਼ਮਣ ਨੂੰ,
ਨਾਂ ਸ਼ਰਮ ਹਯਾ ਵੀ ਰੱਖੀ ਤੂੰ।
ਆਪਣੇ ਹੱਥੀਂ ਨਸਲਾਂ ਆਪਣੀਆਂ,
ਕਿੰਨਾ ਚਿਰ ਨਰਕ ਚ ਸਾੜੇਂਗਾ।
ਬਾਬਾ ਸਾਹਿਬ ਨੇ ਵਾਰ ਸਰਬੰਸ ਦਿੱਤਾ,
ਦੱਸ ਤੂੰ ਕੀ ਵਾਰੇਗਾ????

ਅਸੀਂ ਖਾਈਏ ਆਪਣੇ ਪੁਰਖਿਆਂ ਦਾ,
ਗੈਰਾਂ ਦੇ ਸੋਹਲੇ ਨਾਂ ਗਾਈਏ।
ਅੰਨ੍ਹੇ ਹੋ ਜਾਂਣ ਅੱਖਾਂ ਵਾਲੇ ਜੇ,
ਫਿਰ ਦੋਸ਼ ਕਿਸੇ ਤੇ ਕੀ ਲਾਈਏ।
ਦੁਸ਼ਮਣ ਦਾ ਝੋਲ਼ੀ ਚੱਕ ਬਣਕੇ,
ਕੀ ਤੂੰ ਆਪਣਿਆਂ ਨੂੰ ਮਾਰੇਂਗਾ।
ਬਾਬਾ ਸਾਹਿਬ ਨੇ ਵਾਰ ਸਰਬੰਸ ਦਿੱਤਾ,
ਦੱਸ ਤੂੰ ਕੀ ਵਾਰੇਗਾ????

ਕਾਰਾਂ ਵਿੱਚ ਬਹਿ ਕੇ ਬਸਤੀਆਂ ਦੇ,
ਐਂਮੇ ਧੂੜ ਉਡਾਉਣੀ ਚੰਗੀ ਨਈ।
ਆਪਣੀਂ ਔਕਾਤ ਤੂੰ ਭੁੱਲੀ ਨਾਂ,
ਉਥੇ ਮਿਲ਼ਣਗੇ ਸਾਥੀ ਸੰਗੀ ਵੀ।
ਕੱਠੇ ਕਰ ਕੇ ਭੀਮ ਦੀ ਬਾਤ ਪਾਵੀਂ,
ਤੂੰ ਫਿਰ ਕੁੱਝ ਭਾਰ ਉਤਾਰੇਗਾ।
ਬਾਬਾ ਸਾਹਿਬ ਨੇ ਵਾਰ ਸਰਬੰਸ ਦਿੱਤਾ,
ਦੱਸ ਤੂੰ ਕੀ ਵਾਰੇਗਾ????

ਦੋ ਰੋਟੀਆਂ ਦਾ ਨਾਂ ਜਿੰਦਗੀ ਨਈਂ,
ਨਾਹੀਂ ਜ਼ਿੰਦਗੀ ਚਾਰ ਦੁਆਰੀ ਦਾ।
ਜਿਹੜੀ ਵਿੱਚ ਵਕਾਰਾਂ ਗੁਜ਼ਰ ਗਈ,
ਕੀ ਮੁੱਲ ਗੁਜ਼ਾਰੀ ਦਾ।
ਹਰਦਾਸਪੁਰੀ ਬਿਨਾਂ ਸੱਚ ਜਾਣੇਂ,
ਐਵੇਂ ਝੱਖ ਹੀ ਮਾਰੇਂਗਾ।
ਬਾਬਾ ਸਾਹਿਬ ਨੇ ਵਾਰ ਸਰਬੰਸ ਦਿੱਤਾ,
ਦੱਸ ਤੂੰ ਕੀ ਵਾਰੇਗਾ????

“ਮਲਕੀਤ ਹਰਦਾਸਪੁਰੀ”
ਫੋਨ-00306947249768

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਕਵਿਤਾ