ਕਾਂਗਰਸ ਪ੍ਰਧਾਨ ਦੀ ਚੋਣ ਲਈ ਮੈਦਾਨ ਭਖਿਆ

 

  • ਗਹਿਲੋਤ ਤੇ ਥਰੂਰ ਮਗਰੋਂ ਮਨੀਸ਼ ਤਿਵਾੜੀ ਅਤੇ ਕਮਲਨਾਥ ਦੇ ਮੈਦਾਨ ’ਚ ਨਿੱਤਰਨ ਦੀਆਂ ਸੰਭਾਵਨਾਵਾਂ
  • ਚੋਣਾਂ ਲਈ ਨੋਟੀਫਿਕੇਸ਼ਨ ਜਾਰੀ
  • ਭਲਕੇ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਭਰਨ ਦਾ ਅਮਲ

ਨਵੀਂ ਦਿੱਲੀ (ਸਮਾਜ ਵੀਕਲੀ): ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਮਗਰੋਂ ਹੁਣ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦਾ ਨਾਂ ਪਾਰਟੀ ਪ੍ਰਧਾਨ ਦੇ ਸੰਭਾਵੀ ਉਮੀਦਵਾਰਾਂ ਵਜੋਂ ਉਭਰਨ ਨਾਲ ਚੋਣ ਮੈਦਾਨ ਭੱਖ ਗਿਆ ਹੈ। ਦੋ ਦਹਾਕਿਆਂ ਵਿੱਚ ਪਹਿਲੀ ਵਾਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮੁਕਾਬਲਾ ਵੇਖਣ ਨੂੰ ਮਿਲੇਗਾ, ਜਿਸ ਦੇ ਇਤਿਹਾਸਕ ਰਹਿਣ ਦੇ ਆਸਾਰ ਹਨ। ਸੋਨੀਆ ਗਾਂਧੀ 1998 ਤੋਂ ਪਾਰਟੀ ਪ੍ਰਧਾਨ ਹਨ ਤੇ ਇਸ ਦਰਮਿਆਨ ਦੋ ਸਾਲਾਂ (2017-2019) ਲਈ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਵਾਰੀ ਮਿਲੀ ਸੀ। ਉਧਰ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਦੋਂਕਿ ਨਾਮਜ਼ਦਗੀਆਂ ਭਰਨ ਦਾ ਅਮਲ 24 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਲੰਘੇ ਦਿਨ ਚੋਣ ਲੜਨ ਦੇ ਕੀਤੇ ਇਸ਼ਾਰੇ ਮਗਰੋਂ ਕਾਂਗਰਸ ਵਿਚ ਇਸ ਸਿਖਰਲੇ ਅਹੁਦੇ ਲਈ ਜ਼ੋਰ ਅਜ਼ਮਾਈ ਤੇਜ਼ ਹੋ ਗਈ ਹੈ। ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਪਹਿਲਾਂ ਹੀ ਚੋਣ ਮੈਦਾਨ ਵਿੱਚ ਨਿੱਤਰਨ ਦਾ ਐਲਾਨ ਕਰ ਚੁੱਕੇ ਹਨ। ਉਧਰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਵੀ ਲੰਘੇ ਦਿਨ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਦੌੜ ’ਚੋਂ ਮਨਫ਼ੀ ਨਾ ਸਮਝਿਆ ਜਾਵੇ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਤੇ ਸੀਨੀਅਰ ਪਾਰਟੀ ਆਗੂ ਕਮਲਨਾਥ ਦਾ ਨਾਂ ਵੀ ਸੋਨੀਆ ਗਾਂਧੀ ਦੇ ਜਾਨਸ਼ੀਨ ਬਣਨ ਵਾਲੇ ਸੰਭਾਵੀ ਉਮੀਦਵਾਰਾਂ ਵਜੋਂ ਸਾਹਮਣੇ ਆਇਆ ਹੈ। ਤਿਵਾੜੀ ਪਾਰਟੀ ਤੋਂ ਨਾਰਾਜ਼ ਜੀ-23 ਆਗੂਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਵਿਆਪਕ ਸੁਧਾਰਾਂ ਤੇ ਵੱਡੇ ਫੇਰਬਦਲ ਦੀ ਮੰਗ ਕੀਤੀ ਸੀ। ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਚੋਣ ਲਈ ਨਾਮਜ਼ਦਗੀਆਂ ਦਾ ਅਮਲ 24 ਤੋਂ 30 ਸਤੰਬਰ ਤੱਕ ਚੱਲੇਗਾ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਨੇ 27 ਨੂੰ ਮੁੜ ਇਜਲਾਸ ਸੱਦਿਆ
Next articleਹੁਣ ਹਾਈ ਕੋਰਟ ਦਾ ਡਬਲ ਬੈਂਚ ਕਰੇਗਾ ਸੁਣਵਾਈ