ਸਿਓਲ : ਆਪਣੇ ਮਲਟੀਪਲ ਰਾਕਟ ਲਾਂਚਰ ਦੇ ਤਜਰਬੇ ਨੂੰ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਕਹੇ ਜਾਣ ਤੋਂ ਭੜਕੇ ਉੱਤਰੀ ਕੋਰੀਆ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਬੇਵਕੂਫ ਵਿਅਕਤੀ ਕਰਾਰ ਦਿੱਤਾ ਹੈ। ਨਾਲ ਹੀ ਇਹ ਧਮਕੀ ਵੀ ਦਿੱਤੀ ਹੈ ਕਿ ਉਹ ਜਲਦੀ ਹੀ ਅਸਲੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਵੀ ਦੇਖ ਸਕਦੇ ਹਨ।
ਦੱਖਣੀ ਕੋਰੀਆ ਨੇ ਵੀਰਵਾਰ ਨੂੰ ਇਹ ਖ਼ਬਰ ਦਿੱਤੀ ਸੀ ਕਿ ਉੱਤਰੀ ਕੋਰੀਆ ਵੱਲੋਂ ਘੱਟ ਦੂਰੀ ਦੀਆਂ ਦੋ ਮਿਜ਼ਾਈਲਾਂ ਸਮੁੰਦਰ ਵਿਚ ਦਾਗ਼ੀਆਂ ਗਈਆਂ ਹਨ। ਇਸ ਨੂੰ ਪਿਓਂਗਯਾਂਗ ਨੇ ਨਵੇਂ ਸੁਪਰ-ਲਾਰਜ ਮਲਟੀਪਲ ਰਾਕਟ ਲਾਂਚਰ ਦਾ ਤਜਰਬਾ ਕਰਾਰ ਦਿੱਤਾ ਸੀ। ਇਹ ਤਜਰਬਾ ਉੱਤਰੀ ਕੋਰੀਆ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਦੀ ਨਿਗਰਾਨੀ ਵਿਚ ਕੀਤਾ ਗਿਆ ਸੀ। ਇਸ ਤਜਰਬੇ ‘ਤੇ ਕਿਮ ਨੇ ਸੰਤੁਸ਼ਟੀ ਪ੍ਰਗਟਾਈ ਸੀ।
ਮਾਹਿਰਾਂ ਦਾ ਇਹ ਮੰਨਣਾ ਹੈ ਕਿ ਉੱਤਰੀ ਕੋਰੀਆ ਨੇ ਤੇਜ਼ੀ ਨਾਲ ਰਾਕਟ ਦਾਗ਼ਣ ਦੀ ਸਮਰੱਥਾ ਹਾਸਿਲ ਕਰ ਲਈ ਹੈ ਜਦਕਿ ਜਾਪਾਨ ਦੇ ਪ੍ਰਧਾਨ ਮੰਤਰੀ ਅਬੇ ਨੇ ਇਸ ਨੂੰ ਬੈਲਿਸਟਿਕ ਮਿਜ਼ਾਈਲ ਤਜਰਬਾ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਇਹ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦਾ ਉਲੰਘਣ ਹੈ। ਇਸ ਟਿੱਪਣੀ ‘ਤੇ ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ਨੇ ਸ਼ਨਿਚਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਇਹ ਕਿਹਾ ਜਾ ਸਕਦਾ ਹੈ ਕਿ ਅਬੇ ਦੁਨੀਆ ਦੇ ਅਜਿਹੇ ਇਕਲੌਤੇ ਬੇਵਕੂਫ ਹਨ ਜੋ ਮਲਟੀਪਲ ਰਾਕਟ ਲਾਂਚਰ ਨਾਲ ਦਾਗ਼ੀ ਗਈ ਮਿਜ਼ਾਈਲ ਨੂੰ ਪਛਾਣ ਨਹੀਂ ਸਕਦੇ। ਅਬੇ ਇਹ ਜਲਦੀ ਹੀ ਦੇਖ ਸਕਣਗੇ ਕਿ ਅਸਲੀ ਬੈਲਿਸਟਿਕ ਮਿਜ਼ਾਈਲ ਕਿਹੋ ਜਿਹੀ ਹੁੰਦੀ ਹੈ।