ਵਿੰਡੀਜ਼ ਨੇ ਅਫ਼ਗਾਨਿਸਤਾਨ ਤੋਂ ਇਕਲੌਤਾ ਮੈਚ ਜਿੱਤਿਆ

ਵੈਸਟ ਇੰਡੀਜ਼ ਨੇ ਆਪਣੀ ਹਰਫ਼ਨਮੌਲਾ ਖੇਡ ਦੀ ਬਦੌਲਤ ਅਫ਼ਗਾਨਿਸਤਾਨ ਨੂੰ ਚਾਰੋਂ ਖ਼ਾਨੇ ਚਿੱਤ ਕਰਦਿਆਂ ਦੌਰੇ ਦਾ ਇਕਲੌਤਾ ਟੈਸਟ ਤੀਜੇ ਦਿਨ ਦੇ ਸ਼ੁਰੂਆਤੀ ਸੈਸ਼ਨ ਵਿੱਚ ਹੀ ਨੌਂ ਵਿਕਟਾਂ ਨਾਲ ਜਿੱਤ ਲਿਆ। ਲਖਨਊ ਸਥਿਤ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿੱਚ ਪਹਿਲੀ ਪਾਰੀ ਵਿੱਚ 90 ਦੌੜਾਂ ਨਾਲ ਪੱਛੜੇ ਅਫ਼ਗਾਨਿਸਤਾਨ ਨੇ ਤੀਜੇ ਦਿਨ ਸੱਤ ਵਿਕਟਾਂ ’ਤੇ 109 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੀਆਂ ਬਾਕੀ ਤਿੰਨ ਵਿਕਟਾਂ 7.1 ਓਵਰ ਵਿੱਚ ਸਿਰਫ਼ 11 ਦੌੜਾਂ ਬਣਾਉਂਦਿਆਂ ਕੁੱਲ 120 ਦੇ ਸਕੋਰ ’ਤੇ ਡਿੱਗ ਗਈਆਂ। ਇਹ ਤਿੰਨ ਵਿਕਟਾਂ ਕੈਰੇਬਿਆਈ ਕਪਤਾਨ ਜੇਸਨ ਹੋਲਡਰ ਨੇ ਲਈਆਂ। ਵੈਸਟ ਇੰਡੀਜ਼ ਨੂੰ ਜਿੱਤ ਲਈ 31 ਦੌੜਾਂ ਦਾ ਟੀਚਾ ਮਿਲਿਆ, ਜੋ ਉਸ ਨੇ 6.2 ਓਵਰ ਵਿੱਚ ਕਰੈਗ ਬਰੈਥਵੇਟ (ਅੱਠ ਦੌੜਾਂ) ਦੀ ਵਿਕਟ ਗੁਆ ਕੇ ਹਾਸਲ ਕਰ ਲਿਆ।
ਜੌਹਨ ਕੈਂਪਬੈੱਲ 19 ਦੌੜਾਂ ਅਤੇ ਸ਼ਾਈ ਹੋਪ ਛੇ ਦੌੜਾਂ ਬਣਾ ਕੇ ਨਾਬਾਦ ਰਹੇ। ਅਫ਼ਗਾਨਿਸਤਾਨ ਵੱਲੋਂ ਇਕਲੌਤੀ ਵਿਕਟ ਪਲੇਠਾ ਟੈਸਟ ਖੇਡ ਰਹੇ ਆਮਿਰ ਹਮਜ਼ਾ ਨੇ ਲਈ। ਮੈਚ ਵਿੱਚ ਕੁੱਲ ਦਸ ਵਿਕਟਾਂ ਲੈਣ ਵਾਲੇ ਆਫ਼ ਸਪਿੰਨ ਰਹਿਕੀਮ ਕੌਰਨਵਾਲ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।
ਅਫ਼ਗਾਨਿਸਤਾਨ ਦੀ ਹਾਰ ਤਾਂ ਮੈਚ ਦੇ ਦੂਜੇ ਦਿਨ ਹੀ ਤੈਅ ਹੋ ਗਈ ਸੀ, ਜਦੋਂ ਦੂਜੀ ਪਾਰੀ ਵਿੱਚ ਚੰਗੀ ਸ਼ੁਰੂਆਤ ਮਗਰੋਂ ਉਸ ਦੀਆਂ ਸੱਤ ਵਿਕਟਾਂ ਸਿਰਫ਼ 107 ਦੌੜਾਂ ਦੇ ਸਕੋਰ ’ਤੇ ਡਿੱਗ ਗਈਆਂ ਸਨ। ਅਫ਼ਗਾਨਿਸਤਾਨ ਦੀ ਪਹਿਲੀ ਪਾਰੀ ਦੀਆਂ 187 ਦੌੜਾਂ ਦੇ ਜਵਾਬ ਵਿੱਚ ਵੈਸਟ ਇੰਡੀਜ਼ ਨੇ ਬਰੂਕਸ ਦੇ ਸੈਂਕੜੇ (111 ਦੌੜਾਂ) ਦੇ ਬਲਬੂਤੇ 277 ਦੌੜਾਂ ਬਣਾ ਕੇ 90 ਦੌੜਾਂ ਦੀ ਲੀਡ ਹਾਸਲ ਕਰ ਲਈ ਸੀ। ਉਸ ਮਗਰੋਂ ਕੈਰੇਬਿਆਈ ਸਪਿੰਨ ਗੇਂਦਬਾਜ਼ਾਂ ਰੋਸਨ ਚੇਜ਼ ਅਤੇ ਪਹਿਲੀ ਪਾਰੀ ਦੇ ਹੀਰੋ ਰਹੇ ਰਹਿਕੀਮ ਕੌਰਨਵਾਲ ਨੇ ਤਿੰਨ-ਤਿੰਨ ਵਿਕਟਾਂ ਲੈ ਕੇ ਅਫ਼ਗਾਨਿਸਤਾਨ ਨੂੰ ਹਾਰਨ ਕੰਢੇ ਲਿਆਂਦਾ।

Previous articleਇੰਡੀਅਨ ਰੇਲਵੇ ਰੈੱਡ ਦੀ ਜੇਤੂ ਸ਼ੁਰੂਆਤ
Next articleWho is Usman Khan, the London Bridge attacker