ਕੇਂਦਰੀ ਜੇਲ੍ਹ ਕੋਲ ਕੌਮੀ ਸ਼ਾਹਰਾਹ ’ਤੇ ਬਣੇ ਓਵਰਬ੍ਰਿਜ ’ਤੇ ਲੰਘੀ ਅੱਧੀ ਰਾਤ ਨੂੰ ਟਰੱਕ ਅਤੇ ਕਾਰ ਵਿਚਾਲੇ ਵਾਪਰੇ ਹਾਦਸੇ ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲੁਧਿਆਣਾ ਵਾਸੀ ਦੀਪਕ ਬਾਂਸਲ (32), ਅੰਸ਼ੁਲ (18), ਸੰਜੇ (17) ਅਤੇ ਅਰਵਿੰਦ (30) ਵਜੋਂ ਹੋਈ ਹੈ।
ਵੇਰਵਿਆਂ ਅਨੁਸਾਰ ਦੀਪਕ ਬਾਂਸਲ ਅਤੇ ਉਸ ਦੇ ਸਾਥੀ ਸਵਿਫਟ ਕਾਰ (ਨੰਬਰ ਡੀਐੱਲ-9 ਸੀ ਡਬਲਿਯੂ-3696) ਵਿਚ ਸਵਾਰ ਹੋ ਕੇ ਕਿਸੇ ਕੰਮ ਲਈ ਦੇਹਰਾਦੂਨ ਜਾ ਰਹੇ ਸਨ। ਜਦੋਂ ਉਹ ਕੇਂਦਰੀ ਜੇਲ੍ਹ ਅੰਬਾਲਾ ਦਾ ਪੁਲ ਚੜ੍ਹਨ ਲੱਗੇ ਤਾਂ ਪਿੱਛਿਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਓਵਰਬ੍ਰਿਜ ’ਤੇ ਚੰਡੀਗੜ੍ਹ ਜਾਣ ਵਾਲੀ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਟਰੱਕ ਦੇ ਐਨ ਹੇਠਾਂ ਆ ਗਈ।ਇਹ ਟੱਕਰ ਏਨੀ ਜਬਰਦਸਤ ਸੀ ਕਿ ਕਾਰ ਐਨ ਪਿਚਕ ਗਈ ਅਤੇ ਇਸ ਵਿਚ ਸਵਾਰ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਬਲਦੇਵ ਨਗਰ ਪੁਲੀਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਟਰੱਕ ਦੇ ਥੱਲਿਉਂ ਕੱਢਿਆ ਅਤੇ ਇਸ ਨੂੰ ਕਈ ਪਾਸਿਆਂ ਤੋਂ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ। ਪੁਲੀਸ ਨੇ ਲਾਸ਼ਾਂ ਸਿਵਲ ਹਸਪਤਾਲ ਵਿਚ ਰਖਵਾ ਦਿੱਤੀਆਂ ਅਤੇ ਵਾਰਸਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਮ੍ਰਿਤਕਾਂ ਦੇ ਵਾਰਸ ਅੰਬਾਲਾ ਪਹੁੰਚ ਗਏ, ਜਿਨ੍ਹਾਂ ਦੇ ਬਿਆਨ ਪੁਲੀਸ ਨੇ ਦਰਜ ਕਰ ਲਏ। ਪੁਲੀਸ ਨੇ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲਾ ਟਰੱਕ ਕਬਜ਼ੇ ਵਿਚ ਲੈ ਲਿਆ ਹੈ।
INDIA ਅੰਬਾਲਾ ਨੇੜੇ ਹਾਦਸੇ ’ਚ ਲੁਧਿਆਣਾ ਦੇ ਚਾਰ ਨੌਜਵਾਨਾਂ ਦੀ ਮੌਤ