ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਗੈਂਗਸਟਾਰ ਜੱਗੂ ਭਗਵਾਨਪੁਰੀਆ ਨਾਲ ਸਬੰਧਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਮਜੀਠੀਆ ਦਾ ਪੁਤਲਾ ਸਾੜਿਆ ਤੇ ਉਨ੍ਹਾਂ ’ਤੇ ਪੰਜਾਬ ਦੀ ਜਵਾਨੀ ਤਬਾਹ ਕਰਨ ਦੇ ਦੋਸ਼ ਲਾਏ।
ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮਾਮਲਾ ਦਿਨੋ ਦਿਨ ਗਰਮਾ ਰਿਹਾ ਹੈ। ਅਕਾਲੀ ਦਲ ਵੱਲੋਂ ਇਸ ਪਿੱਛੇ ਕਾਂਗਰਸੀ ਆਗੂਆਂ ਦਾ ਹੱਕ ਹੋਣ ਦੇ ਦੋਸ਼ ਲਾਏ ਜਾ ਰਹੇ ਹਨ। ਅੱਜ ਭਾਰੀ ਗਿਣਤੀ ’ਚ ਕਾਂਗਰਸੀ ਵਰਕਰਾਂ ਤੇ ਲੋਕਾਂ ਨੇ ਬਿਕਰਮ ਮਜੀਠੀਆ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੱਗਾ ਮਜੀਠੀਆ ਨੇ ਕਿਹਾ ਕਿ ਬਿਕਰਮ ਮਜੀਠੀਆ ਜਿਸ ਜੱਗੂ ਗੈਂਗਸਟਰ ਵੱਲੋਂ ਧਮਕੀਆਂ ਦੇਣ ਦੀ ਗੱਲ ਕਰ ਰਿਹਾ ਹੈ ਅਸਲ ’ਚ ਇਹ ਬਿਕਰਮ ਦਾ ਹੀ ਪਾਲਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ 2015 ਦੀਆਂ ਨਗਰ ਕੌਂਸਲ ਦੀਆਂ ਚੋਣਾਂ ’ਚ ਵਾਰਡ ਨੰ. 12 ਵਿੱਚ ਸ਼ਰ੍ਹੇਆਮ ਮਜੀਠੀਆ ਦੇ ਨਿੱਜੀ ਸਿਆਸੀ ਸਕੱਤਰ ਤਲਬੀਰ ਸਿੰਘ ਗਿੱਲ ਜੱਗੂ ਭਗਵਾਨਪੁਰੀਆ ਨੂੰ ਨਾਲ ਲੈ ਕੇ ਲੋਕਾਂ ਨੂੰ ਧਮਕੀਆਂ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠਾ ਨੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਅਕਾਲੀ ਦਲ ਨੇ ਪੈਦਾ ਕੀਤਾ ਹੈ ਤੇ ਅੱਜ ਕਾਂਗਰਸ ਪਾਰਟੀ ਦੇ ਲੀਡਰਾਂ ’ਤੇ ਦੋਸ਼ ਲਾ ਰਹੇ ਹਨ। ਉਨ੍ਹਾਂ ਮਜੀਠੀਆ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਜੱਗੂ ਦੀ ਮਦਦ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਰੰਧਾਵਾ ਨੇ ਜੇਲ੍ਹ ਮੰਤਰੀ ਬਣਦਿਆਂ ਹੀ ਪੰਜਾਬ ’ਚ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਿਆ ਸੀ। ਜੱਗਾ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਗੈਂਗਸਟਰਾਂ ਨੂੰ ਜੇਲ੍ਹਾਂ ’ਚ ਪੰਜ ਤਾਰਾ ਹੋਟਲਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਂਦੀਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਬਿਕਰਮ ਮਜੀਠਾ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
INDIA ਕਾਂਗਰਸੀ ਵਰਕਰਾਂ ਵੱਲੋਂ ਮਜੀਠੀਆ ਵਿਰੁੱਧ ਮੁਜ਼ਾਹਰਾ