ਡੇਰਾ ਰਾਧਾ ਸੁਆਮੀ, ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਢਿੱਲੋਂ ਦਾ ਅੱਜ ਸਵੇਰੇ ਇੰਗਲੈਂਡ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਬੀਤੀ 12 ਨਵੰਬਰ ਨੂੰ ਇਲਾਜ ਲਈ ਇੰਗਲੈਂਡ ਗਏ ਸਨ, ਜਿੱਥੇ 20 ਨਵੰਬਰ ਨੂੰ ਉਨ੍ਹਾਂ ਦੇ ਪੇਟ ਦਾ ਅਪਰੇਸ਼ਨ ਹੋਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਗੁਰੂਗ੍ਰਾਮ ਹਸਪਤਾਲ ਵਿੱਚ ਵੀ ਅਪਰੇਸ਼ਨ ਹੋਇਆ ਸੀ। ਡੇਰੇ ਦੇ ਅਧਿਕਾਰੀ ਨੇ ਦੱਸਿਆ ਕਿ ਸ੍ਰੀਮਤੀ ਸ਼ਬਨਮ ਢਿੱਲੋਂ ਆਪਣੇ ਪਿੱਛੇ ਪਤੀ ਅਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਸ੍ਰੀਮਤੀ ਸ਼ਬਨਮ ਢਿੱਲੋਂ ਦੀ ਦੇਹ ਡੇਰਾ ਬਿਆਸ ਲਿਆਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਦੇਹ ਭਾਰਤ ਲਿਆਂਦੀ ਜਾਵੇਗੀ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀਮਤੀ ਢਿੱਲੋਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।