ਸੰਵਿਧਾਨ ਦਿਵਸ ਮੌਕੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਰਾਜ, ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਤੇ ਆਮ ਨਾਗਰਿਕਾਂ ਨੂੰ ਸੰਵਿਧਾਨਕ ਨੈਤਿਕਤਾ ਦਾ ਪਾਲਣ ਕਰਨਾ ਚਾਹੀਦਾ ਹੈ।
ਸੰਵਿਧਾਨ ਦਿਵਸ ਸੌਕੇ ਸਦਨ ਦੇ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੀ.ਆਰ. ਅੰਬੇਡਕਰ ਨੇ ਸੰਵਿਧਾਨ ਦੀ ਸਰਵਉੱਚਤਾ ਕਾਇਮ ਕੀਤੀ ਤੇ ਖੁਦ ਵੀ ਇਸ ਪ੍ਰਕਿਰਿਆ ਦਾ ਪਾਲਣ ਕੀਤਾ। ਉਨ੍ਹਾਂ ਅੰਬੇਡਕਰ ਦੇ ਹਵਾਲੇ ਨਾਲ ਕਿਹਾ, ‘ਰਾਜ, ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਤੇ ਆਮ ਭਾਰਤੀ ਨਾਗਰਿਕਾਂ ਤੋਂ ਸੰਵਿਧਾਨਕ ਨੈਤਿਕਤਾ ਦਾ ਪਾਲਣ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ, ‘ਸੰਵਿਧਾਨ ਅਨੁਸਾਰ ਹਰ ਨਾਗਰਿਕ ਦਾ ਇਹ ਫਰਜ਼ ਹੈ ਕਿ ਉਹ ਸੰਵਿਧਾਨ ਦੇ ਆਦਰਸ਼ਾਂ ਤੇ ਸੰਸਥਾਵਾਂ ਦੀ ਇੱਜ਼ਤ ਕਰੇ, ਆਜ਼ਾਦੀ ਦੀ ਲੜਾਈ ਦੇ ਆਦਰਸ਼ਾਂ ਦਾ ਪਾਲਣ ਕਰੇ।’ ਸ੍ਰੀ ਕੋਵਿੰਦ ਨੇ ਕਿਹਾ ਕਿ ਫਰਜ਼ ਤੇ ਹੱਕ ਇੱਕੋ ਸਿੱਕੇ ਦੇ ਦੋ ਪਾਸੇ ਹਨ। ਉਨ੍ਹਾਂ ਕਿਹਾ, ‘ਸਾਡਾ ਸੰਵਿਧਾਨ ਸਾਨੂੰ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ ਅਤੇ ਨਾਲ ਹੀ ਇਹ ਨਾਗਰਿਕਾਂ ਦੇ ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ ਤੇ ਹਿੰਸਾ ਨਾ ਕਰਨ ਦੇ ਫਰਜ਼ ਵੀ ਤੈਅ ਕਰਦਾ ਹੈ।’
ਇਸੇ ਦੌਰਾਨ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਦੇਸ਼ ਦੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਜੇਕਰ ਉਹ ਪ੍ਰਤੀਬੱਧਤਾ ਨਾਲ ਆਪਣੇ ਫਰਜ਼ ਨਿਭਾਉਣ ਅਤੇ ਕੌਮੀ ਟੀਚਿਆਂ ਤੇ ਸੰਵਿਧਾਨਕ ਕਦਰਾਂ ਕੀਮਤਾਂ ਪ੍ਰਤੀ ਵਬਨਬੱਧ ਰਹਿਣ ਤਾਂ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਸਕਦਾ ਹੈ ਅਤੇ ਇਹ ਵੱਧ ਮਜ਼ਬੂਤ ਲੋਕਤੰਤਰ ਬਣ ਸਕਦਾ ਹੈ। ਇਸੇ ਦੌਰਾਨ ਰਾਸ਼ਟਰਪਤੀ ਕੋਵਿੰਦ ਨੇ ਸੁਪਰੀਮ ਕੋਰਟ ’ਚ ਰੱਖੇ ਸਮਾਗਮ ਨੂੰ ਦੌਰਾਨ ਕੇਸਾਂ ਦੇ ਫ਼ੈਸਲਿਆਂ ’ਚ ਦੇਰੀ ਨੂੰ ਨਿਆਂ ਪ੍ਰਾਪਤੀ ’ਚ ਵੱਡਾ ਅੜਿੱਕਾ ਦਸਦਿਆਂ ਕਿਹਾ ਕਿ ਮੁਕੱਦਮਿਆਂ ਨੂੰ ਖਤਮ ਕਰਨ ਲਈ ਵਿਚਾਰ ਮੰਥਨ ਤੇ ਯੋਜਨਾਬੱਧ ਕੋਸ਼ਿਸ਼ਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦਾ ਸੁਝਾਅ ਮੰਨਿਆ ਤੇ ਨੌਂ ਖੇਤਰੀ ਭਾਸ਼ਾਵਾਂ ’ਚ ਅਦਾਲਤੀ ਫ਼ੈਸਲੇ ਮੁਹੱਈਆ ਕਰਵਾਉਣੇ ਸ਼ੁਰੂ ਕੀਤੇ।
HOME ਸੰਵਿਧਾਨਕ ਨੈਤਿਕਤਾ ਦੀ ਪਾਲਣਾ ਜ਼ਰੂਰੀ: ਕੋਵਿੰਦ