ਠੱਗੀ ਮਾਰਨ ਵਾਲੇ ਦੋ ਏਜੰਟਾਂ ਨੂੰ ਪੀੜਤਾਂ ਨੇ ਘੇਰ ਕੇ ਪੁਲੀਸ ਹਵਾਲੇ ਕੀਤਾ

ਗੁਰਦਾਸਪੁਰ– ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦਰਜਨਾਂ ਨੌਜਵਾਨਾਂ ਤੋਂ ਪੈਸੇ ਵਸੂਲ ਕੇ ਨਕਲੀ ਵੀਜ਼ੇ ਅਤੇ ਟਿਕਟਾਂ ਦੇਣ ਵਾਲੇ ਤਿੰਨ ਏਜੰਟਾਂ ਵਿੱਚੋਂ ਦੋ ਨੂੰ ਪੀੜਤ ਨੌਜਵਾਨਾਂ ਨੇ ਯੋਜਨਾ ਬਣਾ ਕੇ ਘੇਰ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਪੁਲਪਸ ਨੇ ਪੀੜਤਾਂ ਦੀ ਲਿਖਤ ਸ਼ਿਕਾਇਤ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਪਹੁੰਚੇ ਤਿੰਨ ਦਰਜਨ ਦੇ ਕਰੀਬ ਪੀੜਤਾਂ ਵਿੱਚ ਸ਼ਾਮਲ ਸੰਦੀਪ ਕੁਮਾਰ ਪੁੱਤਰ ਕੁਲਵੰਤ ਲਾਲ ਵਾਸੀ ਲਾਲਪੁਰ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਤਿੰਨ ਏਜੰਟਾਂ ਨੇ ਕੁਵੈਤ ਭੇਜਣ ਦੀ ਗੱਲ ਕਰ ਕੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਮੁਕੇਰੀਆਂ ਸ਼ਹਿਰਾਂ ਦੇ 70 ਦੇ ਕਰੀਬ ਨੌਜਵਾਨਾਂ ਤੋਂ 30-30 ਹਜ਼ਾਰ ਰੁਪਏ ਵਸੂਲੇ ਸਨ। ਇਨ੍ਹਾਂ ਵਿੱਚੋਂ ਕੁਝ ਨੂੰ ਵੀਜ਼ੇ ਅਤੇ ਟਿਕਟਾਂ ਤਾਂ ਮਿਲ ਗਈਆਂ ਪਰ ਇਟਰਨੈੱਟ ਦੇ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਵੀਜ਼ੇ ਅਤੇ ਟਿਕਟਾਂ ਨਕਲੀ ਹਨ। ਇਸ ਦੇ ਚੱਲਦਿਆਂ ਸਾਰਿਆਂ ਨੇ ਏਜੰਟ ਨੂੰ ਫ਼ੋਨ ਕਰਕੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਆਪਣੇ ਗ਼ਲਤ ਆਧਾਰ ਕਾਰਡ ਵੀ ਬਣਵਾ ਰੱਖੇ ਹਨ ਕਿਉਂਕਿ ਉਨ੍ਹਾਂ ਦੇ ਦੱਸੇ ਪਤੇ ’ਤੇ ਜਦ ਜਾ ਕੇ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਨਾਮ ਦੇ ਕੋਈ ਵਿਅਕਤੀ ਉੱਥੇ ਨਹੀਂ ਰਹਿੰਦੇ। ਉਕਤ ਤਿੰਨਾਂ ਨੇ ਦੀਨਾਨਗਰ ਅਤੇ ਗੁਰਦਾਸਪੁਰ ਵਿੱਚ ਆਪਣੇ ਦਫ਼ਤਰ ਖੋਲ੍ਹ ਰੱਖੇ ਹਨ ਜਦਕਿ ਪੈਸੇ ਲੈਣ ਲਈ ਇੱਕ ਲੈਬਾਰਟਰੀ ਵਾਲੇ ਨੂੰ ਰੱਖਿਆ ਹੋਇਆ ਹੈ ਜੋ ਕਿ ਲੜਕਿਆਂ ਦਾ ਮੈਡੀਕਲ ਕਰਨ ਦੇ ਨਾਲ-ਨਾਲ ਉਨ੍ਹਾਂ ਤੋਂ ਪੇਮੈਂਟ ਲੈਂਦਾ ਹੈ। ਸੰਦੀਪ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਅੱਜ ਉਨ੍ਹਾਂ ਨੂੰ ਸਹੀ ਵੀਜ਼ੇ ਅਤੇ ਟਿਕਟ ਦੇਣ ਲਈ ਗੁਰਦਾਸਪੁਰ ਬੁਲਾਇਆ ਸੀ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਰੀਬ ਤਿੰਨ ਦਰਜਨ ਪੀੜਤ ਨੌਜਵਾਨ ਗੁਰਦਾਸਪੁਰ ਪਹੁੰਚ ਗਏ ਪਰ ਦਿੱਤੇ ਗਏ ਸਮੇਂ ਅਤੇ ਜਗ੍ਹਾ ’ਤੇ ਏਜੰਟ ਨਹੀਂ ਪਹੁੰਚੇ। ਇਸ ਦੌਰਾਨ ਉਨ੍ਹਾਂ ਵਿੱਚੋਂ ਕੁਝ ਨੇ ਜਦ ਏਜੰਟਾਂ ਨੂੰ ਫ਼ੋਨ ਕਰਕੇ ਇਹ ਕਿਹਾ ਕਿ ਉਹ ਵਿਦੇਸ਼ ਵਿਦੇਸ਼ ਜਾਣ ਲਈ ਪੈਸੇ ਦੇਣ ਆਏ ਹਨ ਤਾਂ ਏਜੰਟਾਂ ਨੇ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਇੱਕ ਹੋਟਲ ਦਾ ਪਤਾ ਦਿੱਤਾ । ਜਦ ਉਕਤ ਤਿੰਨਾਂ ਵਿੱਚੋਂ ਦੋ ਏਜੰਟ ਉੱਥੇ ਪਹੁੰਚੇ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਪਰ ਉਨ੍ਹਾਂ ਨੇ ਆਪਣੀ ਗੱਡੀ ਭਜਾ ਲਈ। ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਮੰਡੀ ਚੌਕ ’ਚੋ ਦੋਵਾਂ ਨੂੰ ਘੇਰ ਲਿਆ ਅਤੇ ਥਾਣਾ ਪੁਲੀਸ ਸਿਟੀ ਹਵਾਲੇ ਕਰ ਦਿੱਤਾ।
ਥਾਣਾ ਮੁਖੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪੀੜਤਾਂ ਦੀ ਲਿਖਤੀ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ । ਦੋਸ਼ੀ ਪਾਏ ਜਾਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Previous articleਨਿਗਮ ਮੀਟਿੰਗ ਦੌਰਾਨ ਵਾਰਡ ਵਿਕਾਸ ਫੰਡਾਂ ਨੂੰ ਲੈ ਕੇ ਹੰਗਾਮਾ
Next articleਸੰਵਿਧਾਨਕ ਨੈਤਿਕਤਾ ਦੀ ਪਾਲਣਾ ਜ਼ਰੂਰੀ: ਕੋਵਿੰਦ