ਅਫਰੀਕੀ ਦੇਸ਼ ਮਾਲੀ ਵਿਚ ਮੰਗਲਵਾਰ ਨੂੰ ਫਰਾਂਸ ਦੇ ਦੋ ਫ਼ੌਜੀ ਹੈਲੀਕਾਪਟਰ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਦੌਰਾਨ ਆਪਸ ਵਿਚ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ‘ਚ ਫ਼ੌਜ ਦੇ ਛੇ ਅਧਿਕਾਰੀਆਂ ਸਮੇਤ 13 ਫ਼ੌਜੀਆਂ ਦੀ ਮੌਤ ਹੋ ਗਈ। ਮਾਲੀ ਵਿਚ ਅੱਤਵਾਦੀਆਂ ਖ਼ਿਲਾਫ਼ ਜਾਰੀ ਮੁਹਿੰਮ ਵਿਚ ਆਪਣੇ ਫ਼ੌਜੀਆਂ ਦੀ ਮੌਤ ‘ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੁੱਖ ਪ੍ਰਗਟ ਕੀਤਾ ਹੈ। ਮਾਲੀ ਵਿਚ ਫਰਾਂਸ ਦੇ ਕਰੀਬ 4,500 ਫ਼ੌਜੀ ਤਾਇਨਾਤ ਹਨ।
ਇਸ ਦੁਰਘਟਨਾ ਨਾਲ ਮਾਲੀ ਵਿਚ ਹੁਣ ਤਕ ਫਰਾਂਸੀਸੀ ਫ਼ੌਜੀਆਂ ਦੀ ਮੌਤ ਦੀ ਗਿਣਤੀ 38 ਹੋ ਗਈ ਹੈ। ਮਾਲੀ ਸਮੇਤ ਅਫਰੀਕਾ ਦੇ ਸਾਹੇਲ ਖੇਤਰ ਵਿਚ ਅੱਤਵਾਦੀਆਂ ਖ਼ਿਲਾਫ਼ ਫਰਾਂਸ ਨੇ 2013 ਵਿਚ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਸੀ। ਇਹ ਖੇਤਰ ਮਾਲੀ ਨਾਲ ਨਾਈਜਰ, ਬਰਕੀਨਾ ਫਾਸੋ ਅਤੇ ਚਾਡ ਵਿਚ ਫੈਲਿਆ ਹੈ। ਹਿੰਸਾਗ੍ਸਤ ਮਾਲੀ ਵਿਚ ਇਸ ਮਹੀਨੇ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।