* ਵਿਦੇਸ਼ੀਆਂ ਨੂੰ ਗੁੰਮਰਾਹ ਕਰਨ ਅਤੇ ਪਾਕਿ ਨੂੰ ਨੀਂਵਾ ਦਿਖਾਉਣ ਦਾ ਯਤਨ
* 265 ਫਰਜ਼ੀ ਨਿਊਜ਼ ਸਾਈਟਾਂ ’ਚੋਂ 14 ਕੈਨੇਡਾ ’ਚ
* ਕੈਨੇਡਾ ਦੇ ਮੀਡੀਆ ਅਦਾਰੇ ਸੀਬੀਸੀ ਮੁਤਾਬਕ ਸਾਈਟਾਂ ਦੇ ਮਾਲਕ ਦਿੱਲੀ ’ਚ
ਕੈਨੇਡਾ ਦੇ ਪ੍ਰਮੁੱਖ ਮੀਡੀਆ ਅਦਾਰੇ ਸੀਬੀਸੀ ਨੇ ਭਾਰਤ ਵਲੋਂ ਆਪਣੀ ਬੱਲੇ ਬੱਲੇ ਕਰਾਉਣ ਵਾਲੀਆਂ ਫਰਜ਼ੀ ਖ਼ਬਰਾਂ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਸ ਨੇ ਖ਼ੁਲਾਸਾ ਕੀਤਾ ਹੈ ਕਿ ਕਿਸੇ ਸ੍ਰੀਵਾਸਤਵ ਗਰੁੱਪ ਵਲੋਂ ਵਿਦੇਸ਼ਾਂ ਵਿਚਲੇ ਆਈਪੀ ਸਟੇਸ਼ਨਾਂ ਤੋਂ ਉਥੋਂ ਦੇ ਵੱਖ ਵੱਖ ਅਖ਼ਬਾਰਾਂ ਨਾਲ ਮਿਲਦੇ-ਜੁਲਦੇ ਨਾਵਾਂ ਵਾਲੇ ਖਾਤੇ ਬਣਾ ਕੇ ਫਰਜ਼ੀ ਖ਼ਬਰਾਂ ਪਾਈਆਂ ਜਾ ਰਹੀਆਂ ਹਨ। ਅਦਾਰੇ ਨੇ ਅੱਜ ਲੇਖ ਪ੍ਰਕਾਸ਼ਿਤ ਕਰਕੇ ਉਨ੍ਹਾਂ ਲੇਖਕਾਂ ਦੇ ਨਾਮ ਛਾਪੇ ਹਨ ਜਿਨ੍ਹਾਂ ਨੂੰ ਲਿਖਤ ਬਦਲੇ ਅਦਾਇਗੀ ਕੀਤੀ ਗਈ। ਇਨ੍ਹਾਂ ’ਚ ‘ਟੋਰਾਂਟੋ ਸੰਨ’ ਲਈ ਕੰਮ ਕਰਦੇ ਤਾਰਿਕ ਫ਼ਤਿਹ ਦਾ ਜ਼ਿਕਰ ਹੈ, ਜਿਸ ਨੇ ਮੰਨਿਆ ਹੈ ਕਿ ਉਸ ਨੂੰ ਕਿਸੇ ਖਾਸ ਲੇਖ ਦੇ ਪ੍ਰਕਾਸ਼ਨ ਲਈ ਅਦਾਇਗੀ ਕੀਤੀ ਗਈ ਸੀ।
ਅਖ਼ਬਾਰ ਨੇ ਯੂਰਪੀ ਖੋਜ ਸੰਗਠਨ ਡਿਸਇਨਫੋਲੈਬ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤ ਵਲੋਂ ਕੌਮਾਂਤਰੀ ਪੱਧਰ ’ਤੇ ਆਪਣੀ ਬੱਲੇ ਬੱਲੇ ਕਰਾਉਣ ਅਤੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਵਜੋਂ ਪ੍ਰਚਾਰਨ ਵਾਸਤੇ 65 ਦੇਸ਼ਾਂ ’ਚ 265 ਫਰਜ਼ੀ ਨਿਊਜ਼ ਸਾਈਟਾਂ ਬਣਾ ਕੇ ਉਨ੍ਹਾਂ ’ਤੇ ਫਰਜ਼ੀ ਖਬਰਾਂ ਤੇ ਫੋਟੋਆਂ ਪਾ ਕੇ ਵਿਦੇਸ਼ੀਆਂ ਨੂੰ ਗੁੰਮਰਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੀਬੀਸੀ ਦਾ ਦਾਅਵਾ ਹੈ ਕਿ ਇਨ੍ਹਾਂ ਫਰਜ਼ੀ ਖਾਤਿਆਂ ’ਚੋਂ 12 ਖਾਤੇ ਕੈਨੇਡਾ ਦੀ ਪਹਿਚਾਣ ਵਾਲੇ ਹਨ ਜੋ ਦਿੱਲੀ ਦੇ ਕਿਸੇ ਸ੍ਰੀਵਾਸਤਵ ਗਰੁੱਪ ਵਲੋਂ ਐਡਮੰਟਨ ਦੇ ਪਤੇ ਹੇਠ ਚਲਾਏ ਜਾ ਰਹੇ ਹਨ। ਇਨ੍ਹਾਂ ਖਾਤਿਆਂ ਦੇ ਨਾਮ ਕੈਨੇਡਾ ਦੇ ਮਸ਼ਹੂਰ ਮੀਡੀਆ ਅਦਾਰਿਆਂ ਨਾਲ ਮਿਲਦੇ-ਜੁਲਦੇ ਰੱਖੇ ਗਏ ਹਨ, ਜਿਵੇਂ ਟੋਰਾਂਟੋਂ ਈਵਨਿੰਗ ਟੈਲੀਗਰਾਮ, ਟੋਰਾਂਟੋ ਮੇਲ, ਕਿਊਬਕ ਟੈਲੀਗਰਾਫ ਅਤੇ ਟਾਈਮਜ਼ ਆਫ਼ ਨਿਊ ਬਰੰਜ਼ਵਿਕ ਆਦਿ। ਸੀਬੀਸੀ ਮੁਤਾਬਕ ਅਕਸਰ ਹਰ ਨੈੱਟਵਰਕ ਖਾਤੇ ’ਚੋਂ ਇਸ਼ਤਿਹਾਰਾਂ ਰਾਹੀਂ ਕਮਾਈ ਕੀਤੀ ਜਾਂਦੀ ਹੈ ਪਰ ਉਕਤ ਸਾਰੇ ਖਾਤਿਆਂ ’ਚ ਕੋਈ ਇਸ਼ਤਿਹਾਰ ਸ਼ਾਇਦ ਇਸ ਕਰਕੇ ਨਹੀਂ ਪਾਇਆ ਗਿਆ ਤਾਂ ਜੋ ਲੋਕ ਸਿਰਫ਼ ਖਬਰਾਂ ਵੱਲ ਧਿਆਨ ਦੇਣ। ਖੋਜ ਅਦਾਰੇ ਦੇ ਕਾਰਜਕਾਰੀ ਨਿਰਦੇਸ਼ਕ ਅਲੈੱਗਜ਼ੈਂਡਰ ਅਲਾਫਿਲਪ ਨੇ ਕਿਹਾ ਕਿ ਅਜਿਹੇ ਖਾਤੇ 2010 ਤੋਂ ਬਣਨੇ ਸ਼ੁਰੂ ਹੋਏ ਜਿਨ੍ਹਾਂ ਦਾ ਉਦੇਸ਼ ਆਪਣੀ ਬੱਲੇ ਬੱਲੇ ਕਰਾਉਣਾ ਅਤੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਭੰਡਣਾ ਹੈ। ਅਖਬਾਰ ਅਨੁਸਾਰ ਇਹ ਉਹੀ ਸ੍ਰੀਵਾਸਤਵ ਗਰੁੱਪ ਹੈ, ਜਿਸ ਨੇ ਪਿਛਲੇ ਮਹੀਨੇ ਯੂਰੋਪ ਦੇ ਸੱਜੇ ਪੱਖੀ ਸੰਸਦ ਮੈਂਬਰਾਂ ਦੇ ਗਰੁੱਪ ਦੇ ਕਸ਼ਮੀਰ ਦੌਰੇ ਦਾ ਪ੍ਰਬੰਧ ਕਰਵਾਇਆ ਅਤੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਵਾਈ ਸੀ। ਦੱਖਣ ਏਸ਼ਿਆਈ ਰਾਜਨੀਤਿਕ ਮਾਮਲਿਆਂ ਦੇ ਵਿਸ਼ਲੇਸ਼ਕ ਤੇ ਕੌਂਕਡੀਆ ਯੂਨੀਵਰਸਿਟੀ ਮੌਂਟਰੀਆਲ ਦੇ ਪ੍ਰੋਫੈਸਰ ਯੂਨੀਆ ਸਕੋਫੀਲਡ ਨੇ ਕਿਹਾ ਕਿ ਜਿਨ੍ਹਾਂ ਦੋ ਸੰਗਠਨਾਂ ਨੇ ਯੂਰੋਪੀ ਸੰਸਦ ਮੈਂਬਰਾਂ ਦੇ ਦੌਰੇ ਸਬੰਧੀ ਵਿੱਤੀ ਤੇ ਹੋਰ ਪ੍ਰਬੰਧ ਕੀਤੇ ਸਨ, ਉਹ ਦੋਵੇਂ ਹੀ ਸ੍ਰੀਵਾਸਤਵ ਗਰੁੱਪ ਦੇ ਅੰਕਿਤ ਸ੍ਰੀਵਾਸਤਵ ਤੇ ਉਸ ਵਲੋਂ ਚਲਾਏ ਜਾਂਦੇ ਪੇਪਰ ‘ਨਿਊ ਦਿੱਲੀ ਟਾਈਮਜ਼’ ਨਾਲ ਸਬੰਧਤ ਹਨ।
ਸੀਬੀਸੀ ਦੇ ਪੱਤਰਕਾਰਾਂ ਮੁਤਾਬਕ ਉਨ੍ਹਾਂ ਜਦੋਂ ਭਾਰਤ ਦੇ ਕਈ ਉੱਘੇ ਮੀਡੀਆ ਕਰਮੀਆਂ ਨੂੰ ਉਕਤ ਅਖਬਾਰ ਬਾਰੇ ਪੁੱਛਿਆ ਜਾਣਕਾਰੀ ਮੰਗੀ ਤਾਂ ਸਾਰਿਆਂ ਨੇ ਅਗਿਆਨਤਾ ਪ੍ਰਗਟ ਕੀਤੀ ਕਿ ਅਜਿਹਾ ਕੋਈ ਅਖਬਾਰ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਨੈੱਟਵਰਕ ਵਲੋਂ ਸਹਿਯੋਗੀ ਵਜੋਂ ਘੜੀਸੇ ਗਏ ਲਿਬਰਲ ਦੇ ਸਾਬਕਾ ਐੱਮਪੀ ਮਾਰੀਓ ਸਿਲਵਾ ਨੇ ਅੰਕਿਤ ਸ੍ਰੀਵਾਸਤਵ ਨਾਲ ਜਾਣ-ਪਛਾਣ ਤੋਂ ਇਨਕਾਰ ਕੀਤਾ। ਸੀਬੀਸੀ ਨੇ ਅੰਕਿਤ ਦਾ ਪੱਖ ਜਾਨਣ ਲਈ ਕਈ ਵਾਰ ਫੋਨ ਕੀਤੇ, ਜੋ ਸੁਣੇ ਨਹੀਂ ਗਏ ਅਤੇ ਨਾ ਹੀ ਵੈੱਬਸਾਈਟ ’ਤੇ ਦਰਸਾਈਆਂ ਈ-ਮੇਲਜ਼ ਦਾ ਕੋਈ ਉੱਤਰ ਦਿੱਤਾ ਗਿਆ।