ਅਮਿ੍ਤਸਰ : ਹਾਲ ਗੇਟ ਦੇ ਬਾਹਰ ਫਲਾਂ ਦਾ ਕੰਮਕਾਜ ਕਰਨ ਵਾਲੇ 29 ਵਪਾਰੀਆਂ ਦੇ ਖੋਖੇ ਸ਼ੁੱਕਰਵਾਰ ਸਵੇਰੇ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਏ। ਮਾਮਲੇ ‘ਚ ਹੈਰਾਨੀ ਦੀ ਗੱਲ ਇਹ ਰਹੀ ਕਿ ਸੂਚਨਾ ਮਿਲਣ ਦੇ ਬਾਵਜੂਦ ਫਾਇਰ ਬਿ੍ਗੇਡ ਵਿਭਾਗ ਸੁੱਤਾ ਰਿਹਾ। ਪੀੜਤ ਪਰਿਵਾਰ ਜਦੋਂ ਲਾਹੌਰੀ ਗੇਟ ਸਥਿਤ ਫਾਇਰ ਸਟੇਸ਼ਨ ‘ਚ ਪੁੱਜੇ ਤਾਂ ਮੁਲਾਜ਼ਮਾਂ ਦਾ ਰਵੱਈਆ ਟਾਲ ਮਟੋਲ ਵਾਲਾ ਰਿਹਾ। ਕਾਫ਼ੀ ਦੇਰ ਬਾਅਦ ਵਿਭਾਗ ਘਟਨਾ ਵਾਲੀ ਜਗ੍ਹਾ ‘ਤੇ ਅੱਪੜਿਆ ਤੇ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤਕ 29 ਦੁਕਾਨਾਂ (ਖੋਖੇ) ਸੜ ਕੇ ਸਵਾਹ ਹੋ ਚੁਕੀਆਂ ਸਨ। ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁਆਵਜ਼ੇ ਦੀ ਮੰਗ ਕਰਨ ਦੇ ਨਾਲ-ਨਾਲ ਫਾਇਰ ਬਿ੍ਗੇਡ ਵਿਭਾਗ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਜਤਿੰਦਰ ਭੰਡਾਰੀ, ਲੇਖ ਰਾਜ, ਬਿਹਾਰੀ ਲਾਲ, ਸਤੀਸ਼ ਕੁਮਾਰ, ਗਿਰਧਾਰੀ ਲਾਲ, ਅਸ਼ੋਕ ਕੁਮਾਰ ਆਦਿ ਕਾਰੋਬਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਹਾਲ ਗੇਟ ਦੇ ਬਾਹਰ ਫ਼ਲ਼ਾਂ ਦੇ ਖੋਖੇ ਹਨ। ਉਹ ਕਈ ਸਾਲਾਂ ਤੋਂ ਉਕਤ ਖੋਖਿਆਂ ‘ਚ ਆਪਣਾ ਕੰਮ-ਕਾਜ ਕਰ ਰਹੇ ਸਨ। ਵੀਰਵਾਰ ਦੀ ਰਾਤ ਉਹ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰ ਚਲੇ ਗਏ ਸਨ। ਸਵੇਰੇ ਲਗਪਗ ਪੰਜ ਵਜੇ ਲੋਕਾਂ ਨੇ ਜਦੋਂ ਖੋਖਿਆਂ ‘ਚੋਂ ਧੂੰਆ ਨਿਕਲਦਾ ਵੇਖਿਆ ਤਾਂ ਉਨ੍ਹਾਂ ਨੂੰ ਫੋਨ ‘ਤੇ ਜਾਣਕਾਰੀ ਦਿੱਤੀ। ਕੁਝ ਹੀ ਦੇਰ ‘ਚ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਤੇ ਤੁਰੰਤ ਫਾਇਰ ਬਿ੍ਗੇਡ ਵਿਭਾਗ ਨੂੰ ਕਈ ਫੋਨ ਕੀਤੇ ਪਰ ਫਾਇਰ ਬਿ੍ਗੇਡ ਦੀ ਕਿਸੇ ਵੀ ਹੈਲਪਲਾਈਨ ‘ਤੇ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸਦੇ ਬਾਅਦ ਕੁਝ ਪੀੜਤ ਆਪਣੇ ਆਪ ਹੀ ਸਿਰਫ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਲਾਹੌਰੀ ਗੇਟ ਫਾਇਰ ਸਟੇਸ਼ਨ ‘ਤੇ ਪਹੁੰਚ ਗਏ। ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੇ ਪਹਿਲਾਂ ਤਾਂ ਗੱਡੀ ਭੇਜਣ ਤੋਂ ਇਨਕਾਰ ਕਰ ਦਿੱਤਾ। ਦੁਹਾਈ ਦੇਣ ਦੇ ਬਾਅਦ ਫਾਇਰ ਬਿ੍ਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਾਗਜਾਂ ‘ਤੇ ਹਸਤਾਖਰ ਤੇ ਅੰਗੂਠੇ ਲਗਵਾਏ। ਉਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਕਿ ਉਹ ਲਾਹੌਰੀ ਗੇਟ ਪੁੱਜਣ ਦੀ ਬਜਾਏ ਕੋਤਵਾਲੀ ਥਾਣੇ ਦੇ ਕੋਲ ਬਣੇ ਤੇ ਸਿਵਲ ਲਾਈਨ ਖੇਤਰ ‘ਚ ਬਣੇ ਫਾਇਰ ਸਟੇਸ਼ਨਾਂ ‘ਤੇ ਕਿਉਂ ਨਹੀਂ ਗਏ। ਉਕਤ ਪੀੜਤਾਂ ਨੇ ਦੱਸਿਆ ਕਿ ਕਾਫ਼ੀ ਦੇਰ ਬਾਅਦ ਉਹ ਵਿਭਾਗ ਦੀ ਇੱਕ ਗੱਡੀ ਲੈ ਕੇ ਘਟਨਾ ਵਾਲੀ ਥਾਂ ‘ਤੇ ਪੁੱਜੇ। ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ ਗਿਆ ਪਰ ਉਦੋਂ ਤਕ ਉਨ੍ਹਾਂ ਦਾ ਸਾਮਾਨ ਸੜ੍ਹ ਕੇ ਸਵਾਹ ਹੋ ਚੁਕਾ ਸੀ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ। ਕੋਤਵਾਲੀ ਥਾਣਾ ਪ੍ਰਭਾਰੀ ਨੀਰਜ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਕਿ ਅੱਗ ਕਿਵੇਂ ਲੱਗੀ।
ਫਾਇਰ ਬਿ੍ਗੇਡ ਮੁਲਾਜ਼ਮਾਂ ‘ਤੇ ਕਾਰਵਾਈ ਦੀ ਕੀਤੀ ਮੰਗ
ਪੀੜਤ ਪਰਿਵਾਰਾਂ ਨੇ ਫਾਇਰ ਬਿ੍ਗੇਡ ਵਿਭਾਗ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਜੋ ਭਵਿੱਖ ‘ਚ ਕਿਸੇ ਅਜਿਹੀ ਘਟਨਾ ‘ਤੇ ਉਹ ਇਸ ਤਰ੍ਹਾਂ ਦਾ ਲਾਪਰਵਾਹੀ ਵਾਲਾ ਰਵੱਈਆ ਨਾ ਆਪਣਾ ਸਕਣ।
ਵਿਧਾਇਕ ਨੇ ਦਸ ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਕਾਂਗਰਸ ਦੇ ਵਿਧਾਇਕ ਸੁਨੀਲ ਦੱਤੀ ਨੇ ਪੀੜਤ ਪਰਿਵਾਰਾਂ ਨੂੰ ਦਸ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਮੰਤਰੀ ਓਪੀ ਸੋਨੀ ਨੇ ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਨ ਉੁਪਰੰਤ ਦੱਸਿਆ ਕਿ ਉਹ ਸਰਕਾਰ ਵੱਲੋਂ ਪੀੜਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੁਆਵਜ਼ਾ ਦਵਾਉਣ ਦੀ ਗੱਲ ਕਰਣਗੇ। ਉਨ੍ਹਾਂ ਨੇ ਕਿਹਾ ਕਿ ਲਾਪਰਵਾਹ ਫਾਇਰ ਬਿ੍ਗੇਡ ਵਿਭਾਗ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।