ਚੰਡੀਗੜ੍ਹ : ਹੁਣ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਹੋਏ ਅਫਸਰਸ਼ਾਹੀ ਭਾਰੂ ਹੋਣ ਦੇ ਦੋਸ਼ ਲਾਏ ਹਨ। ਜਲਾਲਪੁਰ ਨੇ ਇਥੋਂ ਤਕ ਕਹਿ ਦਿੱਤਾ ਕਿ ਸੂਬੇ ਵਿਚ ਕਾਂਗਰਸ ਦੀ ਨਹੀਂ, ਅਫਸਰਾਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ‘ਚ ਹੀ ਸਾਡੇ ਵਰਕਰਾਂ ਦੀ ਸੁਣਵਾਈ ਨਹੀਂ ਹੋ ਰਹੀ। ਜੇਕਰ ਸਾਡੀ ਸੁਣਵਾਈ ਹੁੰਦੀ ਤਾਂ ਸਾਡੇ ਬੰਦਿਆਂ ਦੀ ਵੱਢਟੁੱਕ ਨਾ ਹੁੰਦੀ। ਅੱਜ ਵੀ ਅਕਾਲੀਆਂ ਦੀ ਹੀ ਸੁਣਵਾਈ ਹੋ ਰਹੀ ਹੈ।
ਪਿਛਲੀ ਵਾਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਸਰਕਾਰ ਸੀ ਤਾਂ ਕੈਪਟਨ ਦਾ ਪੂਰਾ ਦਬਦਬਾ ਸੀ ਪਰ ਹੁਣ ਅਫਸਰਸ਼ਾਹੀ ਹੀ ਸਰਕਾਰ ਚਲਾ ਰਹੀ ਹੈ। ਕਾਂਗਰਸੀ ਵਰਕਰਾਂ ਨਾਲ ਵੱਢਟੁੱਕ ਕਰਨ ਦੇ ਮਾਮਲੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਢੁਕਵੀਂ ਕਾਰਵਾਈ ਨਾ ਕਰਨ ‘ਤੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ 10 ਸਾਲ ਧੱਕੇ ਖਾਂਦੇ ਰਹੇ, ਖ਼ੁਦ ਥਾਣਿਆਂ ਵਿਚ ਬੰਦ ਹੋਣ ਲਈ ਮਜਬੂਰ ਰਹੇ। ਜਲਾਲਪੁਰ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜੇਕਰ ਕੈਪਟਨ ਸਾਹਿਬ ਵਿਧਾਇਕਾਂ ਦੀ ਸੁਣਵਾਈ ਨਹੀਂ ਕਰਦੇ ਤਾਂ ਕਾਂਗਰਸੀ ਵਰਕਰਾਂ ਨਾਲ ਇਸੇ ਤਰ੍ਹਾਂ ਹੋਵੇਗਾ। ਇਸ ਦਾ ਹੱਲ ਇਹੀ ਹੈ ਕਿ ਕੈਪਟਨ ਸਾਹਿਬ ਤੇ ਮੰਤਰੀ ਤਗੜੇ ਹੋਣ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਭਿ੍ਸ਼ਟ ਅਫਸਰ ਲੱਗੇ ਹੋਏ ਹਨ। ਅਫਸਰ ਪੈਸੇ ਲੈ ਕੇ ਕੰਮ ਕਰਦੇ ਹਨ। ਗੁੱਸੇ ਤੇ ਰੋਹ ਵਿਚ ਭਰੇ ਜਲਾਲਪੁਰ ਨੇ ਇਥੋਂ ਤਕ ਕਹਿ ਦਿੱਤਾ ਕਿ ਉਹ ਤਿੰਨ ਸਾਲਾਂ ਤੋਂ ਧੱਕੇ ਖਾ ਰਹੇ ਹਨ, ਸਰਕਾਰ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਜ਼ਿਲ੍ਹੇ ਦੇ ਵਿਧਾਇਕਾਂ ਨੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿਚ ਮੁੱਦਾ ਚੁੱਕਿਆ ਸੀ। ਜਲਾਲਪੁਰ ਦੇ ਬਿਆਨ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਵਿਚ ਕਾਂਗਰਸੀ ਆਗੂਆਂ, ਵਿਧਾਇਕਾਂ ਦੀ ਕੋਈ ਸੁਣਵਾਈ ਨਹੀਂ ਹੈ।
ਪਹਿਲਾਂ ਵੀ ਸਰਕਾਰ ‘ਤੇ ਸਵਾਲ ਉਠਾਉਂਦੇ ਰਹੇ ਹਨ ਵਿਧਾਇਕ
ਇਸ ਤੋਂ ਪਹਿਲਾਂ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਧੀਮਾਨ, ਬੱਲੂਆਣਾ ਤੋਂ ਵਿਧਾਇਕ ਕਾਮਰੇਡ ਨੱਥੂ ਰਾਮ, ਫਿਰੋਜ਼ਪੁਰ ਤੋਂ ਕੁਲਬੀਰ ਜ਼ੀਰਾ ਵੀ ਜਨਤਕ ਸਮਾਗਮਾਂ ‘ਚ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਚੁੱਕੇ ਹਨ। ਸੁਰਜੀਤ ਧੀਮਾਨ ਨੇ ਸ਼ਰ੍ਹੇਆਮ ਨਸ਼ਾ ਵਿਕਣ ਦੀ ਗੱਲ ਕਹਿ ਕੇ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ। ਇਸੇ ਤਰ੍ਹਾਂ ਪਿਛਲੇ ਵਿਧਾਨ ਸਭਾ ਇਜਲਾਸ ਦੌਰਾਨ ਕੁਲਬੀਰ ਸਿੰਘ ਜ਼ੀਰਾ ਤੇ ਰਾਜਾ ਵੜਿੰਗ ਵੱਲੋਂ ਕਈ ਮੁੱਦਿਆਂ ‘ਤੇ ਆਪਣੀ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਸੀ। ਕੁਲਬੀਰ ਜ਼ੀਰਾ ਤੇ ਵੜਿੰਗ ਨੇ ਟਰਾਂਸਪੋਰਟ ਮਾਫੀਆ ਨੂੰ ਖ਼ਤਮ ਕਰਨ ਦੇ ਸਵਾਲ ‘ਤੇ ਇਥੋਂ ਤਕ ਕਹਿ ਦਿੱਤਾ ਸੀ ਕਿ ਬਾਦਲਾਂ ਦੀਆਂ ਬੱਸਾਂ ਬੰਦ ਨਹੀਂ ਹੁੰਦੀਆਂ ਰੋਡਵੇਜ਼ ਦੀਆਂ ਬੱਸਾਂ ਬੰਦ ਕਰੀ ਜਾਂਦੇ ਹੋ।
ਮਦਨ ਲਾਲ ਜਲਾਲਪੁਰ ਦੀ ਮੀਡੀਆ ਨਾਲ ਗੱਲਬਾਤ ਕਰਦੇ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਜਲਾਲਪੁਰ ਕਹਿ ਰਹੇ ਹਨ ਕਿ ਸਾਡੀ ਸਰਕਾਰ ‘ਚ ਕੋਈ ਕਾਰਵਾਈ ਨਹੀਂ ਹੋ ਰਹੀ । ਅਕਾਲੀ ਦਲ ਦਾ ਪੁਲਿਸ ‘ਤੇ ਪ੍ਰਰੈਸ਼ਰ ਬਹੁਤ ਹੈ। ਜੇ ਸਾਡੀ ਸੁਣਵਾਈ ਹੋਈ ਹੁੰਦੀ ਤਾਂ ਹਸਪਤਾਲਾਂ ਵਿਚ ਕਾਂਗਰਸੀ ਵਰਕਰਾਂ ਦੀ ਕਿਵੇਂ ਵੱਢ ਟੁੱਕ ਕੀਤੀ ਜਾਂਦੀ। ਜਲਾਲਪੁਰ ਕਹਿ ਰਹੇ ਹਨ ਕਿ ਕੈਪਟਨ ਦਾ 2002 ਤੋਂ 2007 ‘ਚ ਬੋਲਬਾਲਾ ਸੀ, ਉਹ ਨਹੀਂ ਹੈ।