ਪਾਕਿਸਤਾਨ ਦੀ ਇਮਰਾਨ ਸਰਕਾਰ ਖ਼ਿਲਾਫ਼ ਹੁਣ ਸੜਕਾਂ ‘ਤੇ ਉਤਰਨਗੇ ਵਿਦਿਆਰਥੀ

ਪਾਕਿਸਤਾਨ ਦੀ ਇਮਰਾਨ ਸਰਕਾਰ ਖ਼ਿਲਾਫ਼ ਕੱਟੜਪੰਥੀ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਦਾ ਅੰਦੋਲਨ ਹਾਲੇ ਰੁਕਿਆ ਵੀ ਨਹੀਂ ਹੈ ਕਿ ਹੁਣ ਕਾਲਜ ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਦੇਸ਼ ਪੱਧਰ ‘ਤੇ ਸੜਕਾਂ ‘ਤੇ ਉਤਰਨ ਦਾ ਮਨ ਬਣਾ ਲਿਆ ਹੈ। ਫੀਸਾਂ ‘ਚ ਵਾਧੇ, ਪਰੇਸ਼ਾਨ ਕਰਨ ਅਤੇ ਕਾਲਜ ਕੈਂਪਸ ਵਿਚ ਗਿ੍ਫ਼ਤਾਰੀ ਵਰਗੇ ਮੁੱਦਿਆਂ ਖ਼ਿਲਾਫ਼ ਵਿਦਿਆਰਥੀ 29 ਨਵੰਬਰ ਨੂੰ ਪੂਰੇ ਦੇਸ਼ ਵਿਚ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ।

ਵਿਦਿਆਰਥੀਆਂ ਦਾ ਗੁੱਸਾ ਇਮਰਾਨ ਸਰਕਾਰ ਦੇ ਉਸ ਫਰਮਾਨ ‘ਤੇ ਫੁੱਟਿਆ ਹੈ ਜਿਸ ਵਿਚ ਦਾਖ਼ਲੇ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੇ ਸੰਗਠਨ ਜਾਂ ਕੈਂਪਸ ਰਾਜਨੀਤੀ ਵਿਚ ਹਿੱਸਾ ਨਾ ਲੈਣ ਦਾ ਹਲਫ਼ਨਾਮਾ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕਾਲਜ ਵਿਦਿਆਰਥੀਆਂ ਨੂੰ ਡਰ ਹੈ ਕਿ ਇਸ ਨਾਲ ਕਿਸੇ ਵੀ ਅਨਿਆਂ ਖ਼ਿਲਾਫ਼ ਕੰਪਲੈਕਸ ਵਿਚ ਵਿਰੋਧ ਜਾਂ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਲੱਗ ਜਾਵੇਗੀ। ਲਾਹੌਰ ਸਥਿਤ ਬੇਕਨ ਹਾਊਸ ਨੈਸ਼ਨਲ ਯੂਨੀਵਰਸਿਟੀ ਵਿਚ ਪੱਤਰਕਾਰਤਾ ਦੇ ਵਿਦਿਆਰਥੀ ਹੈਦਰ ਕਲੀਮ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ‘ਤੇ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਲਾਹੌਰ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਖ਼ਲ ਕੀਤੀ ਜਾਵੇਗੀ। ਸਰਕਾਰ ਖ਼ਿਲਾਫ਼ ਇਸ ਲੜਾਈ ਨੂੰ ਉਹ ਸੁਪਰੀਮ ਕੋਰਟ ਵਿਚ ਵੀ ਚੁਣੌਤੀ ਦੇਣ ਲਈ ਤਿਆਰ ਹਨ। ਵਿਦਿਆਰਥੀਆਂ ਦੀਆਂ ਪ੍ਰਮੁੱਖ ਮੰਗਾਂ ਵਿਚ ਵਿਦਿਆਰਥੀ ਯੂਨੀਅਨ ‘ਤੇ ਲਗਾਏ ਗਈਆਂ ਪਾਬੰਦੀਆਂ ਨੂੰ ਫੌਰੀ ਤੌਰ ‘ਤੇ ਹਟਾਉਣਾ ਵੀ ਸ਼ਾਮਲ ਹੈ।

Previous articleIndia’s forex reserves rise to over $448 bn
Next articleਕਾਂਗਰਸੀ ਵਿਧਾਇਕ ਮਦਨ ਲਾਲ ਨੇ ਉਠਾਏ ਕੈਪਟਨ ਦੀ ਕਾਰਗੁਜ਼ਾਰੀ ‘ਤੇ ਸਵਾਲ