ਨਵੀਂ ਦਿੱਲੀ : ਹੁਣ ਭਵਿੱਖ ‘ਚ ਕਿਸੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਐੱਸਪੀਜੀ ਦੀ ਸੁਰੱਖਿਆ ਨਹੀਂ ਮਿਲੇਗੀ। ਸਰਕਾਰ ਇਸ ਲਈ ਪੁਖਤਾ ਇੰਤਜ਼ਾਮ ਕਰਨ ਜਾ ਰਹੀ ਹੈ। ਇਸ ਸਿਲਸਿਲੇ ‘ਚ ਸੰਸਦ ਦੇ ਚਾਲੂ ਸੈਸ਼ਲ ਦੌਰਾਨ ਹੀ ਅਗਲੇ ਹਫਤੇ ਐੱਸਪੀਜੀ ਕਾਨੂੰਨ ‘ਚ ਤਬਦੀਲੀ ਦਾ ਨਿਯਮ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਕੈਬਨਿਟ ਦੀ ਬੈਠਕ ਪਹਿਲਾਂ ਹੀ ਇਨ੍ਹਾਂ ਤਬਦੀਲੀਆਂ ਨੂੰ ਹਰੀ ਝੰਡੀ ਦੇ ਚੁੱਕੀ ਹੈ। ਫਿਲਹਾਲ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਐੱਸਪੀਜੀ ਸੁਰੱਖਿਆ ਮਿਲੀ ਹੈ।
ਗਾਂਧੀ ਪਰਿਵਾਰ ਦੀ ਦੋ ਹਫ਼ਤੇ ਪਹਿਲਾਂ ਹਟੀ ਐੱਸਪੀਜੀ ਸੁਰੱਖਿਆ
ਧਿਆਨ ਦੇਣ ਦੀ ਗੱਲ ਹੈ ਦੋ ਹਫ਼ਤੇ ਪਹਿਲਾਂ ਹੀ ਸਰਕਾਰ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ 1991 ਤੋਂ ਮਿਲ ਰਹੀ ਐੱਸਪੀਜੀ ਸੁਰੱਖਿਆ ਹਟਾ ਲਈ ਸੀ ਤੇ ਉਸ ਦੀ ਥਾਂ ਸੀਆਰਪੀਐੱਫ ਦੀ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਕਾਂਗਰਸ ਲਗਾਤਾਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ ਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੀ ਹੈ।