ਕਾਬੁਲ : ਅਫ਼ਗਾਨ ਸਰਕਾਰ ਨੇ ਹੱਕਾਨੀ ਨੈੱਟਵਰਕ ਦੇ ਤਿੰਨ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਅਜਿਹਾ ਅਗਸਤ 2016 ‘ਚ ਅਗਵਾ ਕੀਤੇ ਗਏ ਅਮਰੀਕਾ ਦੇ ਪ੍ਰਰੋਫੈਸਰ ਕੇਵਿਨ ਕਿੰਗ (63) ਅਤੇ ਆਸਟ੍ਰੇਲੀਆ ਦੇ ਪ੍ਰਰੋ੍ਫੈਸਰ ਟਿਮੋਥੀ ਵੀਕਸ (50) ਦੀ ਸੁਰੱਖਿਅਤ ਰਿਹਾਈ ਲਈ ਕੀਤਾ ਗਿਆ ਹੈ। ਰਿਹਾਅ ਕੀਤੇ ਗਏ ਅੱਤਵਾਦੀਆਂ ‘ਚ ਅਨਾਸ ਹੱਕਾਨੀ, ਹਾਜੀ ਮਾਲੀ ਖ਼ਾਨ ਅਤੇ ਹਾਿਫ਼ਜ਼ ਰਸ਼ੀਦ ਸ਼ਾਮਲ ਹਨ।
‘ਟੋਲੋ ਨਿਊਜ਼’ ਮੁਤਾਬਿਕ ਅੱਤਵਾਦੀਆਂ ਦੀ ਇਹ ਰਿਹਾਈ ਰਾਸ਼ਟਰਪਤੀ ਅਸ਼ਰਫ ਗਨੀ ਵੱਲੋਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਕੌਮੀ ਸੁਰੱਖਿਆ ਸਲਾਹਕਾਰ ਰਾਬਰਟ ਬ੍ਰਾਇਨ ਨਾਲ ਫੋਨ ‘ਤੇ ਕੀਤੀ ਗੱਲਬਾਤ ਪਿੱਛੋਂ ਕੀਤੀ ਗਈ। ਕਾਬੁਲ ‘ਚ ਰਾਸ਼ਟਰਪਤੀ ਪੈਲੇਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਉਕਤ ਅੱਤਵਾਦੀਆਂ ਦੀ ਰਿਹਾਈ ਦਾ ਸਮਰਥਨ ਕਰਦਿਆਂ ਕਿਹਾ ਕਿ ਅਮਰੀਕਾ ਹਮੇਸ਼ਾ ਅਫ਼ਗਾਨਿਸਤਾਨ ਦੀ ਮਦਦ ਕਰਦਾ ਰਹੇਗਾ।
ਹੱਕਾਨੀ ਨੈੱਟਵਰਕ ਦੇ ਤਿੰਨ ਅੱਤਵਾਦੀਆਂ ਦੀ ਰਿਹਾਈ ਦਾ ਐਲਾਨ ਰਾਸ਼ਟਰਪਤੀ ਗਨੀ ਨੇ 12 ਨਵੰਬਰ ਨੂੰ ਕੀਤਾ ਸੀ ਪ੍ਰੰਤੂ ਇਹ ਨਹੀਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਜਾਂ ਨਹੀਂ। ਅਗਵਾ ਕੀਤੇ ਗਏ ਦੋਵੇਂ ਪ੍ਰਰੋਫੈਸਰ ਕਾਬੁਲ ਸਥਿਤ ਅਮਰੀਕਨ ਯੂਨੀਵਰਸਿਟੀ ਆਫ਼ ਅਫ਼ਗਾਨਿਸਤਾਨ ‘ਚ ਕੰਮ ਕਰ ਰਹੇ ਸਨ। ਰਿਹਾਅ ਕੀਤਾ ਗਿਆ ਅਨਾਸ ਹੱਕਾਨੀ, ਹੱਕਾਨੀ ਨੈੱਟਵਰਕ ਦੇ ਸਾਬਕਾ ਆਗੂ ਜਲਾਲੂਦੀਨ ਹੱਕਾਨੀ ਦਾ ਪੁੱਤਰ ਹੈ। ਹੱਕਾਨੀ ਨੈੱਟਵਰਕ ਤਾਲਿਬਾਨ ਨਾਲ ਜੁੜਿਆ ਹੋਇਆ ਹੈ ਤੇ ਅਫ਼ਗਾਨਿਸਤਾਨ ਦੇ ਪੂਰਬੀ ਸੂਬਿਆਂ ‘ਚ ਸਰਗਰਮ ਹੈ। ਇਹ ਗਰੁੱਪ ਕਾਬੁਲ ‘ਚ ਕਈ ਵੱਡੇ ਅੱਤਵਾਦੀ ਹਮਲਿਆਂ ‘ਚ ਸ਼ਾਮਲ ਰਿਹਾ ਹੈ। ਅਮਰੀਕਾ ਨੇ ਹੱਕਾਨੀ ਨੈੱਟਵਰਕ ਨੂੰ 2012 ‘ਚ ਅੱਤਵਾਦੀ ਗਰੁੱਪ ਐਲਾਨਿਆ ਸੀ।