ਜੰਮੂ : ਦੁਨੀਆ ਦੇ ਸਭ ਤੋਂ ਉੱਚੇ ਜੰਗੀ ਸਥਾਨ ਸਿਆਚਿਨ ‘ਚ ਬਰਫ਼ ਹੇਠ ਦੱਬਣ ਕਾਰਨ ਸ਼ਹੀਦ ਹੋਏ ਫ਼ੌਜ ਦੇ ਚਾਰ ਜਵਾਨਾਂ ਦੀਆਂ ਦੇਹਾਂ ਬੁੱਧਵਾਰ ਨੂੰ ਲੱਦਾਖ ਤੋਂ ਫ਼ੌਜੀ ਸਨਮਾਨ ਨਾਲ ਘਰ ਭੇਜੀਆਂ ਜਾਣਗੀਆਂ। ਡੋਗਰਾ ਰੈਜੀਮੈਂਟ ਦੇ ਸ਼ਹੀਦ ਇਨ੍ਹਾਂ ਜਵਾਨਾਂ ‘ਚ ਤਿੰਨ ਪੰਜਾਬ ਤੇ ਇਕ ਹਿਮਾਚਲ ਪ੍ਰਦੇਸ਼ ਦਾ ਵਾਸੀ ਹੈ। ਸਾਰਿਆਂ ਦੀ ਉਮਰ 30 ਸਾਲ ਤੋਂ ਘੱਟ ਸੀ।
ਉੱਤਰੀ ਲੱਦਾਖ ਦੇ ਸਿਆਚਿਨ ਗਲੇਸ਼ੀਅਰ ‘ਚ ਭਾਰਤੀ ਫ਼ੌਜ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਬਣਾਉਣ ਦੇ ਨਾਲ ਮੌਸਮ ਨਾਲ ਵੀ ਲੜ ਰਹੀ ਹੈ। ਅਜਿਹੇ ਹਾਲਾਤ ‘ਚ ਪਿਛਲੇ ਸੋਮਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਸਿਆਚਿਨ ‘ਚ ਫ਼ੌਜ ਦੇ ਜਵਾਨਾਂ ਦੀ ਇਕ ਟੁਕੜੀ ਖੇਤਰ ‘ਚ ਇਕ ਪੋਸਟ ‘ਤੇ ਬਿਮਾਰ ਹੋਏ ਫ਼ੌਜੀ ਨੂੰ ਉੱਥੋਂ ਲੈਣ ਨਿਕਲੀ ਸੀ।
ਇਸੇ ਦੌਰਾਨ ਸਿਫ਼ਰ ਤੋਂ 30 ਡਿਗਰੀ ਤੋਂ ਵੀ ਘੱਟ ਤਾਪਮਾਨ ਤੇ 19 ਹਜ਼ਾਰ ਫੁਟ ਦੀ ਉੱਚਾਈ ਤੋਂ ਡਿੱਗੀ ਬਰਫ਼ ਦੀ ਲਪੇਟ ‘ਚ ਆਉਣ ਤੋਂ ਬਾਅਦ ਇਹ ਟੁਕੜੀ ਲਾਪਤਾ ਹੋ ਗਈ ਸੀ। ਇਸ ਪਾਰਟੀ ‘ਚ ਫ਼ੌਜ ਦੇ ਚਾਰ ਜਵਾਨ ਤੇ ਦੋ ਕੁੱਲੀ ਵੀ ਸਨ।
ਫ਼ੌਜ ਦੇ ਰਾਹਤ ਦਲਾਂ ਨੇ ਸਾਰਿਆਂ ਨੂੰ ਬਰਫ਼ ਤੋਂ ਕੱਢ ਕੇ ਗੰਭੀਰ ਹਾਲਾਤ ‘ਚ ਸੋਮਵਾਰ ਸ਼ਾਮ ਨੂੰ ਹੈਲੀਕਾਪਟਰ ਤੋਂ ਹੁੰਦਰ ‘ਚ ਫ਼ੌਜ ਦੇ ਹਸਪਤਾਲ ‘ਚ ਪਹੁੰਚਾਇਆ ਸੀ। ਜਿੱਥੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਉਣਾ ਸੰਭਵ ਨਹੀਂ ਹੋਇਆ।
ਇਸ ਹਾਦਸੇ ‘ਚ ਚਾਰ ਜਵਾਨ ਤੇ ਦੋ ਕੁੱਲੀ ਸ਼ਹੀਦ ਹੋ ਗਏ ਸਨ। ਕੁੱਲੀਆਂ ਦੀ ਪਛਾਣ ਲੇਹ ਦੇ ਲਰਗਯਾਵ ਦੇ ਜਿਗਮਿਤ ਨਾਂਗਯਾਲ ਤੇ ਸਟੇਂਜਿਨ ਗੁਰਮਤ ਵਜੋਂ ਹੋਈ। ਉਹ ਪਿਛਲੇ ਕੁਝ ਸਾਲਾਂ ਤੋਂ ਸਿਆਚਿਨ ‘ਚ ਫ਼ੌਜ ਤਕ ਰਸਦ ਪਹੁੰਚਾਉਣ ਲਈ ਕੁੱਲੀ ਦਾ ਕੰਮ ਕਰ ਰਹੇ ਸਨ।
ਬੁੱਧਵਾਰ ਨੂੰ ਲੇਹ ‘ਚ ਫ਼ੌਜ ਦੇ ਚਾਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਦੇਹਾਂ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਭੇਜੀਆਂ ਜਾਣਗੀਆਂ। ਉੱਥੋਂ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ‘ਚ ਭੇਜ ਦਿੱਤੀਆਂ ਜਾਣਗੀਆਂ।