ਪੁਲੀਸ ਦੀ ਕਾਰਵਾਈ ਰਹਿੰਦੀ ਹੈ ਨਿਰਾਸ਼ਾਜਨਕ; ਐੱਸਸੀ ਕਮਿਸ਼ਨ ਵੱਲੋਂ ਮਾਮਲਾ ਡੀਜੀਪੀ ਕੋਲ ਉਠਾਉਣ ਦਾ ਫ਼ੈਸਲਾ
ਪੰਜਾਬ ਵਿੱਚ ਦਲਿਤਾਂ ਨਾਲ ਹੁੰਦੀ ਧੱਕੇਸ਼ਾਹੀ ਅਤੇ ਅਪਰਾਧ ਦੇ ਮਾਮਲੇ ਵਿੱਚ ਪੁਲੀਸ ਦੀ ਕਾਰਵਾਈ ਅਕਸਰ ਨਿਰਾਸ਼ਾਜਨਕ ਹੁੰਦੀ ਹੈ। ਐੱਸਸੀ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਅਤੇ ਮੈਂਬਰਾਂ ਦਾ ਦਾਅਵਾ ਹੈ ਕਿ ਮਾਮੂਲੀ ਘਟਨਾਵਾਂ ਤਾਂ ਦੂਰ ਦੀ ਗੱਲ ਕਈ ਵਾਰ ਦਲਿਤਾਂ ’ਤੇ ਹੁੰਦੀ ਵੱਡੀ ਤੋਂ ਵੱਡੀ ਜ਼ਿਆਦਤੀ ਦੇ ਮਾਮਲੇ ’ਤੇ ਪੁਲੀਸ ਵੱਲੋਂ ਕਾਰਵਾਈ ਤੋਂ ਮੂੰਹ ਫੇਰ ਲਿਆ ਜਾਂਦਾ ਹੈ। ਪੁਲੀਸ ਵੱਲੋਂ ਕਮਿਸ਼ਨ ਜਾਂ ਹੋਰ ਕਿਸੇ ਸਮਾਜਿਕ ਦਬਾਅ ਕਾਰਨ ਜੇਕਰ ਮਾਮਲਾ ਦਰਜ ਵੀ ਕੀਤਾ ਜਾਂਦਾ ਹੈ ਤਾਂ ਜ਼ਿਆਦਤੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਆਨਾਕਾਨੀ ਕੀਤੀ ਜਾਂਦੀ ਹੈ।
ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਰਾਜ ਦੇ ਡੀਜੀਪੀ ਦਿਨਕਰ ਗੁਪਤਾ ਨਾਲ ਮੀਟਿੰਗ ਕਰਕੇ ਦਲਿਤਾਂ ਖਿਲਾਫ਼ ਹੁੰਦੇ ਅੱਤਿਆਚਾਰਾਂ ਦੇ ਮਾਮਲੇ ’ਤੇ ਪੁਲੀਸ ਦੇ ਹੇਠਲੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਵਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਮੰਨਿਆ ਕਿ ਥਾਣਾ ਪੱਧਰ ’ਤੇ ਪੁਲੀਸ ਮੁਲਾਜ਼ਮਾਂ ਦਾ ਰਵੱਈਆ ਆਮ ਤੌਰ ’ਤੇ ਦਲਿਤਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਨੂੰ ਰਫ਼ਾ-ਦਫ਼ਾ ਕਰਨ ਦਾ ਹੀ ਸਾਹਮਣੇ ਆਉਂਦਾ ਹੈ। ਕਮਿਸ਼ਨ ਦੇ ਮੈਂਬਰ ਪ੍ਰਭਦਿਆਲ ਸਿੰਘ ਨੇ ਦਲਿਤਾਂ ’ਤੇ ਵਧੀਕੀਆਂ ਦੇ ਮਾਮਲੇ ਵਿੱਚ ਪੁਲੀਸ ਦੇ ਰਵੱਈਏ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿੱਚ ਇੱਕ ਸਰਪੰਚ ਅਤੇ ਉਸ ਦੇ ਹਮਾਇਤੀਆਂ ਵੱਲੋਂ ਮਨਰੇਗਾ ਮਜ਼ਦੂਰਾਂ ’ਤੇ ਗੋਲੀ ਚਲਾ ਕੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰ ਪੁਲੀਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਢਿੱਲ ਵਰਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲਮਪੁਰ ’ਚ ਇੱਕ ਦਲਿਤ ਮਹਿਲਾ ਨੇ ਜਦੋਂ ਵਧੀਕੀ ਦੇ ਮਾਮਲੇ ਵਿੱਚ ਸੱਚੀ ਗਵਾਹੀ ਦਿੱਤੀ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਗਿਆ ਅਤੇ ਪੁਲੀਸ ਮੂਕ ਦਰਸ਼ਕ ਬਣ ਕੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਦੀ ਜਦਕਿ ਇਹ ਮਹਿਲਾ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਰਹੀ। ਪ੍ਰਭਦਿਆਲ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੰਨ੍ਹਣ ਵਿੱਚ ਵੀ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁਲੀਸ ਵੱਲੋਂ ਦਲਿਤਾਂ ’ਤੇ ਅੱਤਿਆਚਾਰ ਕਰਨ ਵਾਲਿਆਂ ਉਪਰ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਹੈ।
ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪੁਲੀਸ ਖਿਲਾਫ਼ ਹੀ ਆਉਂਦੀਆਂ ਹਨ ਤੇ ਪੁਲੀਸ ਜ਼ਿਆਦਤੀ ਦਾ ਸ਼ਿਕਾਰ ਦਲਿਤਾਂ ਦੀ ਸੁਣਵਾਈ ਕਰਨ ਤੋਂ ਟਾਲਾ ਹੀ ਨਹੀਂ ਵੱਟਦੀ ਸਗੋਂ ਝੂਠੇ ਕੇਸ ਵੀ ਗਰੀਬਾਂ ’ਤੇ ਹੀ ਦਰਜ ਕਰਦੀ ਹੈ।
ਪੰਜਾਬ ’ਚ ਦਲਿਤਾਂ ਉਪਰ ਅੱਤਿਆਚਾਰ ਵਧਣ ਦੀ ਗਵਾਹੀ ਸਰਕਾਰੀ ਰਿਕਾਰਡ ਵੀ ਭਰਦਾ ਹੈ। ਜਾਣਕਾਰੀ ਮੁਤਾਬਕ ਸਾਲ 2004 ਤੋਂ 31 ਅਗਸਤ 2019 ਤੱਕ ਦਲਿਤਾਂ ’ਤੇ ਅੱਤਿਆਚਾਰ ਦੇ 21,935 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸੰਗੀਨ ਅਪਰਾਧ ਵੀ ਸ਼ਾਮਲ ਹਨ। ਦਲਿਤਾਂ ਨਾਲ ਵਿਤਕਰੇ ਜਾਂ ਹੋਰ ਜ਼ਿਆਦਤੀਆਂ ਦੀਆਂ 5 ਹਜ਼ਾਰ ਤੋਂ ਵੱਧ ਘਟਨਾਵਾਂ ਨੂੰ ਕਮਿਸ਼ਨ ਵੱਲੋਂ ਵੱਖਰੇ ਤੌਰ ’ਤੇ ਦਰਜ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ ’ਚ ਹਰ ਸਾਲ ਵਾਧਾ ਹੋ ਰਿਹਾ ਹੈ। ਚੇਅਰਪਰਸਨ ਨੇ ਕਿਹਾ ਕਿ ਪੰਜਾਬ ’ਚ ਦਲਿਤਾਂ ਖ਼ਿਲਾਫ਼ ਅੱਤਿਆਚਾਰਾਂ ਦੀਆਂ ਘਟਨਾਵਾਂ ਦੇ ਜੋ ਵੇਰਵੇ ਕਮਿਸ਼ਨ ਕੋਲ ਦਰਜ ਹਨ, ਉਨ੍ਹਾਂ ਨੂੰ ਅੱਧੇ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਮਾਮਲੇ ਉਹ ਹਨ ਜਿਨ੍ਹਾਂ ਸਬੰਧੀ ਲੋਕਾਂ ਨੇ ਕਮਿਸ਼ਨ ਤੱਕ ਪਹੁੰਚ ਕਰ ਲਈ ਜਾਂ ਫਿਰ ਮੀਡੀਆ ਰਿਪੋਰਟ ਦੇ ਆਧਾਰ ਉੱਤੇ ਕਮਿਸ਼ਨ ਨੇ ਨੋਟਿਸ ਲੈ ਲਿਆ। ਪੰਜਾਬ ਰਾਜ ਐੱਸਸੀ ਕਮਿਸ਼ਨ ਮੁਤਾਬਕ ਸਾਲ 2004 ਵਿੱਚ ਦਲਿਤਾਂ ’ਤੇ ਅੱਤਿਆਚਾਰ ਦੀਆਂ 354 ਘਟਨਾਵਾਂ ਵਾਪਰੀਆਂ। ਇਸ ਤੋਂ ਅਗਲੇ ਸਾਲ 565, 2006 ਵਿੱਚ 1014, 2006 ਵਿੱਚ 651, 2008 ਵਿੱਚ 508, 2009 ਵਿੱਚ 517, 2010 ਵਿੱਚ 788 ਅਤੇ 2011 ਵਿੱਚ 745 ਘਟਨਾਵਾਂ ਵਾਪਰੀਆਂ। ਸਾਲ 2012 ਤੋਂ ਦਲਿਤਾਂ ਵਿਰੁੱਧ ਅਪਰਾਧਾਂ ’ਚ ਇੱਕ ਦਮ ਵਾਧਾ ਹੋਣ ਲੱਗ ਪਿਆ। ਸਾਲ 2012 ਵਿੱਚ 1055, 2013 ਵਿੱਚ 2805, 2014 ਵਿੱਚ 1942 ਤੇ 2015 ਵਿੱਚ 1982 ਘਟਨਾਵਾਂ ਵਾਪਰੀਆਂ। ਐੱਸਸੀ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ 2016 ’ਚ 1900, 2017 ਵਿੱਚ 2435, 2018 ਵਿੱਚ 1685 ਅਤੇ 31 ਅਗਸਤ 2019 ਤੱਕ ਕਮਿਸ਼ਨ ਕੋਲ ਵਧੀਕੀਆਂ ਦੀਆਂ 1148 ਸ਼ਿਕਾਇਤਾਂ ਪਹੁੰਚੀਆਂ।