ਜਲੰਧਰ ਭਾਜਪਾ ਵੱਲੋਂ ਅਹਿੰਸਾਵਾਦੀ ਮਹਾਤਮਾ ਗਾਂਧੀ ਦੇ ਨਾਂ ’ਤੇ ਰਾਮਾਮੰਡੀ ਵਿਚ ਕੱਢੀ ਜਾ ਰਹੀ ਸੰਕਲਪ ਯਾਤਰਾ ਦੌਰਾਨ ਆਗੂਆਂ ਵੱਲੋਂ ਇਕ-ਦੂਜੇ ਦੇ ਕਥਿਤ ਥੱਪੜ ਮਾਰਨ ਅਤੇ ਪੱਗਾਂ ਲਾਹੁਣ ਤੱਕ ਦੀ ਨੌਬਤ ਆ ਗਈ। ਜਦੋਂ ਇਹ ਝਗੜਾ ਚੱਲ ਰਿਹਾ ਸੀ, ਉਸ ਵੇਲੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੀ ਹਾਜ਼ਰ ਸਨ। ਸੰਕਲਪ ਯਾਤਰਾ ਦੌਰਾਨ ਭਾਜਪਾ ਦੀ ਏਕਤਾ ਖਿੱਲਰੀ ਨਜ਼ਰ ਆਈ। ਮੰਗਾ ਨਾਂ ਦਾ ਇਕ ਸਰਦਾਰ ਆਦਮੀ, ਰਾਕੇਸ਼ ਰਠੌਰ ਕੋਲ ਆਪਣੀ ਪੱਗ ਲਾਹੇ ਜਾਣ ਬਾਰੇ ਗੁੱਸਾ ਜ਼ਾਹਰ ਕਰ ਰਿਹਾ ਸੀ। ਇਸੇ ਦੌਰਾਨ ਅਕਾਲੀ ਆਗੂ ਬਲਬੀਰ ਬਿੱਟੂ ਅਤੇ ਯੁਵਾ ਮੋਰਚਾ ਦੇ ਸੂਬਾਈ ਪ੍ਰਧਾਨ ਸੰਨੀ ਸ਼ਰਮਾ ਦੀ ਆਪਸ ਵਿਚ ਝੜਪ ਹੋ ਗਈ। ਬਲਬੀਰ ਬਿੱਟੂ ਦੀ ਕਮੀਜ਼ ਦੇ ਖਿੱਚ-ਧੂਹ ਵਿਚ ਬਟਨ ਟੁੱਟਣ ਕਾਰਨ ਉਸ ਨੇ ਭਾਜਪਾ ਦੇ ਆਗੂ ਸੰਨੀ ਸ਼ਰਮਾ ਦੇ ਥੱਪੜ ਜੜ ਦਿੱਤੇ। ਹਾਲਾਂਕਿ ਮੌਕੇ ’ਤੇ ਪੁਲੀਸ ਮੁਲਾਜ਼ਮ ਵੀ ਹਾਜ਼ਰ ਸਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਭਾਜਪਾ ਦੇ ਆਗੂ ਹੀ ਇਕ ਦੂਜੇ ਨੂੰ ਛੁਡਾਉਣ ਲਈ ਯਤਨ ਕਰਦੇ ਰਹੇ। ਗੱਲ ਵਧਦੀ ਦੇਖ ਕੇ ਭਾਜਪਾ ਦੇ ਸੀਨੀਅਰ ਆਗੂ ਉਥੋਂ ਮੌਕੇ ’ਤੇ ਖਿਸਕ ਗਏ। ਸੰਕਲਪ ਯਾਤਰਾ ਦੇ ਪਹਿਲੇ ਦਿਨ ਵੀ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਆਉਣ ਤੋਂ ਪਹਿਲਾਂ ਫੋਟੋ ਖਿਚਾਉਣ ਦੇ ਚੱਕਰ ਵਿਚ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸੰਨੀ ਸ਼ਰਮਾ ਤੇ ਸੀਨੀਅਰ ਪਾਰਟੀ ਆਗੂ ਮਨੋਰੰਜਨ ਕਾਲੀਆ ਵਿਚਕਾਰ ਤਲਖ ਕਲਾਮੀ ਵਧ ਗਈ ਸੀ। ਉਸ ਵੇਲੇ ਤਾਂ ਸੀਨੀਅਰ ਆਗੂਆਂ ਨੇ ਮਾਮਲਾ ਰਫਾ-ਦਫਾ ਕਰਨਾ ਹੀ ਬਿਹਤਰ ਸਮਝਿਆ ਪਰ ਅੱਜ ਇਹ ਗੁੱਸਾ ਫੁੱਟ ਕੇ ਸਾਹਮਣੇ ਆਇਆ।