ਪਟਿਆਲਾ : ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆਂ ਦੀ ਅਗਾਊਂ ਰਿਹਾਈ ਦੇ ਕੀਤੇ ਐਲਾਨ ਦੀ ਕੜੀ ਵਿੱਚ ਨੰਦ ਸਿੰਘ ਸੂਹਰੋਂ ਨੂੰ ਅੱਜ ਦੇਰ ਸ਼ਾਮ ਪਟਿਆਲਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਉਸ ਦੇ ਸਾਥੀ ਸੁਬੇਗ ਸਿੰਘ ਸੂਹਰੋਂ ਦੀ ਰਿਹਾਈ ਦੇ ਹੁਕਮ ਵੀ ਜੇਲ੍ਹ ਪੁੱਜ ਚੁੱਕੇ ਹਨ, ਪਰ ਜ਼ਮਾਨਤ ਨਾ ਭਰਵਾਈ ਜਾਣ ਕਰਕੇ ਉਹਦੀ ਅੱਜ ਰਿਹਾਈ ਸੰਭਵ ਨਹੀਂ ਹੋ ਸਕੀ। ਉਸ ਨੂੰ ਸ਼ੁੱਕਰਵਾਰ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਨੂੰ 1995 ਵਿਚ ਬਚਨ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਹੱਤਿਆ ਸਬੰਧੀ ਚੰਡੀਗੜ੍ਹ ਵਿੱਚ ਦਰਜ ਹੋਏ ਕੇਸ ’ਚ ਉਮਰ ਕੈਦ ਦੀ ਸਜ਼ਾ ਹੋਈ ਸੀ। ਦੋਵੇਂ ਪਹਿਲਾਂ ਬੁੜੈਲ ਜੇਲ੍ਹ ਵਿੱਚ ਬੰਦ ਸਨ।