ਨਵੀਂ ਦਿੱਲੀ: ਸੁਪਰੀਮ ਕੋਰਟ ਨੇ ‘ਚੌਕੀਦਾਰ ਚੋਰ ਹੈ’ ਨਾਅਰੇ ਦੇ ਕੇਸ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਮਾਣਹਾਨੀ ਦੇ ਕੇਸ ਨੂੰ ਬੰਦ ਕਰਦਿਆਂ ਉਨ੍ਹਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਭਵਿੱਖ ’ਚ ਅਜਿਹਾ ਕੋਈ ਵਿਵਾਦਤ ਬਿਆਨ ਦੇਣ ਸਮੇਂ ਧਿਆਨ ਰੱਖਣ। ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵੱਲੋਂ ਦਾਖ਼ਲ ਪਟੀਸ਼ਨ ’ਤੇ ਬੈਂਚ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਟਿੱਪਣੀ ਸੱਚ ਤੋਂ ਕੋਹਾਂ ਦੂਰ ਸੀ ਅਤੇ ਉਸ ਨੂੰ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਪੜਤਾਲ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਅਜਿਹੀਆਂ ਟਿੱਪਣੀਆਂ ਕਰਨਾ ਮੰਦਭਾਗਾ ਹੈ। ਬੈਂਚ ਨੇ ਰਾਹੁਲ ਵੱਲੋਂ ਦਾਖ਼ਲ ਬਿਨਾਂ ਸ਼ਰਤ ਮੁਆਫ਼ੀ ਵਾਲੇ ਹਲਫ਼ਨਾਮੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਿਆਸਤ ’ਚ ਅਹਿਮ ਸਥਾਨ ਰਖਦੇ ਹਨ ਅਤੇ ਕਿਸੇ ਵੀ ਅਦਾਲਤ ਨੂੰ ਸਿਆਸੀ ਬਿਆਨਬਾਜ਼ੀ ’ਚ ਘੜੀਸਨਾ ਨਹੀਂ ਚਾਹੀਦਾ ਹੈ।