ਵਾਰਿਸਾ ਪੰਜਾਬ ਦਿਆ

(ਸਮਾਜ ਵੀਕਲੀ)

ਆ ਵਾਰਿਸਾ ਪੰਜਾਬ ਦਿਆ ਦੇਖ ਆਣਕੇ ,
ਪਹਿਲਾਂ ਵਾਲਾ ਰੰਗਲਾ ਪੰਜਾਬ ਨਾ ਰਿਹਾ।
ਖੌਰੇ ਕੀਹਦੀ ਲੱਗ ਗਈ ਨਜ਼ਰ ਚੰਦਰੀ ,
ਮਹਿਕਾਂ ਸੀ ਜੋ ਵੰਡਦਾ ਗੁਲਾਬ ਨਾ ਰਿਹਾ।

ਦਿਲਾਂ ਚੋਂ ਮੁੱਹਬਤਾਂ ਖਤਮ ਹੋ ਰਹੀਆਂ ,
ਨਫ਼ਰਤ ਪੈਰ ਹੈ ਪਸਾਰੀ ਜਾ ਰਹੀ।
ਕਰੇ ਵਿਸ਼ਵਾਸ਼ ਜੋ ਉਹ ਜਾਵੇ ਠੱਗਿਆ,
ਵੱਧਦੀ ਹੈ ਖੱਜਲ ਖ਼ੁਆਰੀ ਜਾ ਰਹੀ।
ਹੋ ਗਈ ਸਾਰੀ ਬੇ-ਯਕੀਨੀ ਦੁਨੀਆਂ,
ਸੱਚਾ ਸੁੱਚਾ ਇਸ਼ਕ ਜਨਾਬ ਨਾ ਰਿਹਾ।
ਆ ਵਾਰਿਸਾ ਪੰਜਾਬ ਦਿਆ ਦੇਖ ਆਣਕੇ———-

ਬੇਲਿਆਂ ‘ਚ ਵੱਜਦੀ ਸੁਣੇ ਨਾ ਵੰਝਲੀ,
ਮੰਗੂ ਚਾਰਦਾ ਨਾ ਹੀਰ ਕੁੱਟੇ ਚੂਰੀਆਂ।
ਡੱਬੇ ਵਾਲੇ ਦੁੱਧ ਪੀਣ ਲੱਗੇ ਗੱਭਰੂ,
ਲੱਭਦੇ ਨਹੀ ਮੱਲ ਚੁੰਘਦੇ ਸੀ ਬੂਰੀਆਂ।
ਚਿੱਟਾ ਤੇ ਸਮੈਕ ਘਰ ਪੱਟੀ ਜਾ ਰਹੇ,
ਸੇਠ ਕੋਈ ਚੌਧਰੀ, ਨਵਾਬ ਨਾ ਰਿਹਾ।
ਆ ਵਾਰਿਸਾ ਪੰਜਾਬ ਦਿਆ ਦੇਖ ਆਣਕੇ———-

ਚਿਹਰਿਆਂ ਤੋ ਹੋ ਗਈਆਂ ਅਲੋਪ ਰੌਣਕਾਂ,
ਹਾਸੇ ਠੱਠੇ ਕਿੱਧਰੇ ਉਡਾਰੀ ਮਾਰ ਗਏ।
ਵਿਰਸੇ ਦੀ ਪਾਉਂਦਾ ਨਾ ਕੋਈ ਬਾਤ ਦਿਖਦਾ,
ਰਹਿੰਦਾ ਖੂੰਹਦਾ ਅੱਜ ਦੇ ਲਿਖ਼ਾਰੀ ਮਾਰ ਗਏ।
ਬੁੱਲ੍ਹੇ ਵਾਂਗੂੰ ਯਾਰ ਨਾ ਮਨਾਉਣ ਨੱਚਕੇ ,
ਗੁਰੂ ਚੇਲੇ ਵਾਲਾ ਕੋਈ ਹਿਸਾਬ ਨਾ ਰਿਹਾ ।
ਆ ਵਾਰਿਸਾ ਪੰਜਾਬ ਦਿਆ ਦੇਖ ਆਣਕੇ———–

ਤੀਵੀਂਆਂ ਦੀ ਬੋਲੀ ਹੈ ਲੱਗਣ ਲੱਗ ਪਈ,
ਨਵੇਂ – ਨਵੇਂ ਚੱਲ ਪਏ ਟਰੈਂਡ ਆਖਦੇ।
ਭੈਣਾਂ ਤਾਈਂ ‘ ਦੀ ‘ ਕਹਿਣ ਭਾਈ ਨੂੰ ‘ਬਰੋ’,
ਬੇਲੀਆਂ ਨੂੰ ਧੱਕੇ ਨਾ’ ਫਰੈਂਡ ਆਖਦੇ।
ਭੁੱਲ ਕੇ ਪੰਜਾਬੀ ਅੰਗਰੇਜ਼ ਬਣ ਗਏ ,
ਸੁਪਨਾ ‘ ਡ੍ਰੀਮ ‘ ਹੋਇਆ ਖ਼ਾਬ ਨਾ ਰਿਹਾ।
ਆ ਵਾਰਿਸਾ ਪੰਜਾਬ ਦਿਆ ਦੇਖ ਆਣਕੇ———–

ਆਖੇ “ਸੁਖਚੈਨ” ਆਵਾ ਊਤੀ ਜਾ ਰਿਹਾ,
ਅੰਨ੍ਹੇ ਤਾਈਂ ਲੰਗੜਾ ਘੜੀਸੀ ਜਾਂਦਾ ਏ।
ਬੋਲਦਾ ਨਹੀ ਕੋਈ ਹੈ ਤਮਾਸ਼ਾ ਦੇਖਦੇ ,
ਹਰ ਕੋਈ ਦੰਦੀਆਂ ਨੂੰ ਪੀਸੀ ਜਾਂਦਾ ਏ।
ਟੋਟੇ – ਟੋਟੇ ਹੋਣ ਤੋ ਬਚਾਉਣਾ ਕਿਸੇ ਨਾ,
ਜਿਵੇਂ ਕੱਠਾ ਰਾਵੀ ਤੇ ਝਨਾਬ ਨਾ ਰਿਹਾ।
ਆ ਵਾਰਿਸਾ ਪੰਜਾਬ ਦਿਆ ਦੇਖ ਆਣਕੇ,
ਪਹਿਲਾਂ ਵਾਲਾ ਰੰਗਲਾ ਪੰਜਾਬ ਨਾ ਰਿਹਾ।

ਸੁਖਚੈਨ ਸਿੰਘ ਚੰਦ ਨਵਾਂ
9914973876

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਮਾਂ ਦਾ ਜੇਰਾ