ਆਤਮਵਿਸ਼ਵਾਸ ਨਾਲ ਭਰੀ ਭਾਰਤੀ ਕ੍ਰਿਕਟ ਟੀਮ ਦਾ ਪੱਲੜਾ ਵੀਰਵਾਰ ਤੋਂ ਇਥੇ ਸ਼ੁਰੂ ਹੋ ਰਹੇ ਪਹਿਲੇ ਟੈਸਟ ਵਿੱਚ ਬੰਗਲਾਦੇਸ਼ ਖ਼ਿਲਾਫ਼ ਭਾਰੂ ਰਹੇਗਾ। ਲਾਲ ਗੇਂਦ ਨਾਲ ਮੈਚ ਖੇਡਣ ਤੋਂ ਪਹਿਲਾਂ ਹੀ ਚਰਚਾ ‘ਗੁਲਾਬੀ ਗੇਂਦ’ ਨੇ ਛੇੜੀ ਹੋਈ ਹੈ। ਇਤਿਹਾਸਕ ਦਿਨ-ਰਾਤ ਟੈਸਟ ਬਾਰੇ ਇੱਥੇ ਲਗਾਤਾਰ ਚਰਚਾ ਚੱਲ ਰਹੀ ਹੈ, ਜੋ ਗੁਲਾਬੀ ਗੇਂਦ ਨਾਲ ਕੋਲਕੱਤਾ ਵਿੱਚ ਖੇਡਿਆ ਜਾਣਾ ਹੈ। ਦੋਵਾਂ ਟੀਮਾਂ ਲਈ ਇਹ ਦਿਨ-ਰਾਤ ਦਾ ਪਹਿਲਾ ਟੈਸਟ ਹੋਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਕੈਲੰਡਰ ਦੀ ਇਹ ਅਜਿਹੀ ਲੜੀ ਹੈ, ਜਿਸ ਵਿੱਚ ਭਾਰਤੀ ਟੀਮ ਸਟਾਰ ਖਿਡਾਰੀਆਂ ਤੋਂ ਬਿਨਾਂ ਖੇਡ ਰਹੀ ਹੈ ਅਤੇ ਉਹ ਚਾਰ ਦਿਨਾਂ ਵਿੱਚ ਹੀ ਬੰਗਲਾਦੇਸ਼ ਦੀ ਟੀਮ ਨੂੰ ਹਰਾਉਣ ਦੀ ਸਮਰੱਥਾ ਰੱਖਦੀ ਹੈ। ਤਾਮੀਮ ਇਕਬਾਲ ਅਤੇ ਸ਼ਾਕਿਬ ਅਲ ਹਸਨ ਬਗ਼ੈਰ ਬੰਗਲਾਦੇਸ਼ ਦੀ ਜਿੱਤ ਦੀ ਕਲਪਨਾ ਕਰਨਾ ਮੁਸ਼ਕਲ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਬੰਗਲਾਦੇਸ਼ੀ ਟੀਮ ਰਵਾਇਤੀ ਵੰਨਗੀ ਵਿੱਚ ਹਮੇਸ਼ਾ ਕਮਜ਼ੋਰ ਸਾਬਤ ਹੋਈ ਹੈ। ਪਿਛਲੀ ਲੜੀ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਵਾਲੀ ਭਾਰਤੀ ਟੀਮ ਕੋਲ ਹੁਣ ਵੱਧ ਮਜ਼ਬੂਤ ਟੀਮ ਹੈ। ਦੂਜੇ ਪਾਸੇ, ਬੰਗਲਾਦੇਸ਼ ਦੇ ਸਰਵੋਤਮ ਬੱਲੇਬਾਜ਼ ਕਪਤਾਨ ਮੋਮਿਨੁਲ ਹੱਕ ਨੇ ਟੈਸਟ ਕ੍ਰਿਕਟ ਵਿੱਚ 10 ਤੋਂ ਵੀ ਘੱਟ ਸੈਂਕੜੇ ਜੜੇ ਹਨ। ਮੁਸ਼ਫਿਕੁਰ ਰਹੀਮ ਅਤੇ ਮਹਿਮੂਦੁੱਲ੍ਹਾ ਰਿਆਦ ਵੀ ਵਧੀਆ ਕ੍ਰਿਕਟਰ ਹਨ, ਪਰ ਕ੍ਰਿਕਟ ਦੀ ਇਸ ਵੰਨਗੀ ਵਿੱਚ ਨਾਮ ਨਹੀਂ। ਦੂਜੇ ਪਾਸੇ ਭਾਰਤ ਦਾ ਕਪਤਾਨ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿੱਚ 26 ਸੈਂਕੜੇ ਮਾਰ ਚੁੱਕਿਆ ਹੈ, ਜਦਕਿ ਅਜਿੰਕਿਆ ਰਹਾਣੇ ਨੇ 11 ਅਤੇ ਚੇਤੇਸ਼ਵਰ ਪੁਜਾਰਾ ਦੇ ਨਾਮ 18 ਸੈਂਕੜੇ ਹਨ। ਬੰਗਲਾਦੇਸ਼ ਦੇ ਮੁਸਤਾਫਿਜ਼ੁਰ ਰਹਿਮਾਨ, ਤਾਇਜ਼ੁਲ ਇਸਲਾਮ ਅਤੇ ਮੇਹਿਦੀ ਹਸਨ ਮਿਰਾਜ ਲਈ ਭਾਰਤੀ ਬੱਲੇਬਾਜ਼ਾਂ ਨੂੰ ਰੋਕਣਾ ਮੁਸ਼ਕਲ ਹੋਵੇਗਾ। ਇਨ੍ਹਾਂ ਤਿੰਨਾਂ ਤੋਂ ਪਹਿਲਾਂ ਉਨ੍ਹਾਂ ਨੂੰ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਅਤੇ ਰੋਹਿਤ ਸ਼ਰਮਾ ਨੂੰ ਦੀ ਚੁਣੌਤੀ ਪਾਰ ਕਰਨੀ ਹੋਵੇਗੀ, ਜੋ ਤੇਜ਼ ਗੇਂਦਬਾਜ਼ੀ ਖਿੱਦੋ ਦੀਆਂ ਲੀਰਾਂ ਉਧੇੜ ਸਕਦੇ ਹਨ। ਭਾਰਤੀ ਗੇਂਦਬਾਜ਼ ਮਿਲ ਕੇ 800 ਤੋਂ ਵੱਧ ਵਿਕਟਾਂ ਲੈ ਚੁੱਕੇ ਹਨ। ਇਸ ਲਈ ਇਸ ਨੂੰ ਬੇ-ਮੇਲ ਮੁਕਾਬਲਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬੰਗਲਾਦੇਸ਼ ਦੀ ਟੀਮ ਸ਼ਾਕਿਬ ਦੀ ਕਪਤਾਨੀ ਵਿੱਚ ਪਿਛਲਾ ਟੈਸਟ ਅਫਗਾਨਿਸਤਾਨ ਤੋਂ ਹਾਰ ਗਈ ਸੀ। ਸ਼ਾਕਿਬ ਦੋ ਸਾਲਾਂ ਦੀ ਮੁਅੱਤਲੀ ਕਾਰਨ ਕ੍ਰਿਕਟ ਤੋਂ ਦੂਰ ਹੈ।
Sports ਪਹਿਲਾ ਟੈਸਟ: ਬੰਗਲਾਦੇਸ਼ ਖ਼ਿਲਾਫ਼ ਭਾਰਤ ਦਾ ਪੱਲੜਾ ਭਾਰੀ