ਭਾਰਤ ਦੇ ਮਹਾਨ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਲੈ ਕੇ ਚੱਲ ਰਹੇ ਹਿੱਤਾਂ ਦੇ ਕਥਿਤ ਟਕਰਾਅ ਦੇ ਮਾਮਲੇ ਦੀ ਸੁਣਵਾਈ ਅੱਜ ਇੱਥੇ ਖ਼ਤਮ ਹੋ ਗਈ ਅਤੇ ਬੀਸੀਸੀਆਈ ਦੇ ਨੈਤਿਕ ਅਧਿਕਾਰੀ ਡੀਕੇ ਜੈਨ ਨੇ ਕਿਹਾ ਕਿ ‘ਉਸ ਦਾ ਆਦੇਸ਼ ਛੇਤੀ ਹੀ ਆ ਸਕਦਾ ਹੈ’। ਐੱਮਪੀਸੀਏ ਦੇ ਤਾਉਮਰ ਮੈਂਬਰ ਸੰਜੀਵ ਗੁਪਤਾ ਨੇ ਦ੍ਰਾਵਿੜ ਖ਼ਿਲਾਫ਼ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਪ੍ਰਮੁੱਖ ਵਜੋਂ ਮੌਜੂਦਾ ਭੂਮਿਕਾ ਅਤੇ ਇੰਡੀਆ ਸੀਮਿੰਟਸ ਦੇ ਕਰਮਚਾਰੀ ਹੋਣ ਦੇ ਨਾਤੇ ਹਿੱਤਾਂ ਦੇ ਕਥਿਤ ਟਕਰਾਅ ਦੀ ਸ਼ਿਕਾਇਤ ਕੀਤੀ ਸੀ। ਜੈਨ ਨੇ ਕਿਹਾ, ‘‘ਸੁਣਵਾਈ ਖ਼ਤਮ ਹੋ ਗਈ ਹੈ। ਤੁਹਾਨੂੰ ਛੇਤੀ ਹੀ ਇਸ ਮਾਮਲੇ ’ਤੇ ਆਦੇਸ਼ ਮਿਲ ਸਕਦਾ ਹੈ।’’ ਸਾਬਕਾ ਭਾਰਤੀ ਕਪਤਾਨ ਦ੍ਰਾਵਿੜ ਨੇ 26 ਸਤੰਬਰ ਨੂੰ ਮੁੰਬਈ ਵਿੱਚ ਹੋਈ ਨਿੱਜੀ ਸੁਣਵਾਈ ਦੌਰਾਨ ਆਪਣਾ ਪੱਖ ਰੱਖਿਆ ਸੀ। ਹਾਲਾਂਕਿ ਨੈਤਿਕ ਅਧਿਕਾਰੀ ਨੇ ਸੋਮਵਾਰ ਨੂੰ ਦੂਜੀ ਵਾਰ ਦ੍ਰਾਵਿੜ ਨੂੰ ਆਉਣ ਲਈ ਕਿਹਾ ਸੀ। ਸੂਤਰਾਂ ਮੁਤਾਬਕ ਐੱਨਸੀਏ ਪ੍ਰਮੁੱਖ ਦੀ ਨੁਮਾਇੰਦਗੀ ਉਸ ਦੇ ਵਕੀਲ ਨੇ ਕੀਤੀ। ਬੋਰਡ ਅਧਿਕਾਰੀ ਨੇ ਕਿਹਾ, ‘‘ਬੀਸੀਸੀਆਈ ਦੇ ਵਕੀਲ ਅਤੇ ਸ਼ਿਕਾਇਤ ਕਰਤਾ ਗੁਪਤਾ ਦਾ ਪੱਖ ਵੀ ਸੁਣਿਆ ਗਿਆ।’’