ਕੋਲਿਨ ਡੀ ਗਰੈਂਡਹੋਮ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੱਥੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ।
ਨਿਊਜ਼ੀਲੈਂਡ ਦੇ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 15 ਓਵਰਾਂ ਵਿੱਚ ਦੋ ਵਿਕਟਾਂ ’ਤੇ 139 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ। ਤੇਜ਼ ਗੇਂਦਬਾਜ਼ਾਂ ਲੌਕੀ ਫਰਗੂਸਨ ਅਤੇ ਬਲੇਅਰ ਟਿਕਨਰ (ਦੋ-ਦੋ ਵਿਕਟਾਂ) ਦੀ ਬਦੌਲਤ ਉਹ ਸੱਤ ਵਿਕਟਾਂ ’ਤੇ 166 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਨੇ 55 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਜੇਮਜ਼ ਵਿੰਸ (49 ਦੌੜਾਂ) ਨਾਲ ਦੂਜੀ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਵੀ ਕੀਤੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਨਿਊਜ਼ੀਲੈਂਡ ਨੇ ਗਰੈਂਡਹੋਮ (35 ਗੇਂਦਾਂ ਵਿੱਚ 55 ਦੌੜਾਂ) ਦੇ ਨੀਮ ਸੈਂਕੜੇ ਦੀ ਬਦੌਲਤ ਸੱਤ ਵਿਕਟਾਂ ’ਤੇ 180 ਦੌੜਾਂ ਬਣਾਈਆਂ। ਗਰੈਂਡਹੋਮ ਨੇ ਰੋਸ ਟੇਲਰ (24 ਗੇਂਦਾਂ ਵਿੱਚ 24 ਦੌੜਾਂ) ਨਾਲ ਚੌਥੀ ਵਿਕਟ ਲਈ 66 ਦੌੜਾਂ ਦੀ ਭਾਈਵਾਲੀ ਕੀਤੀ।
ਇੰਗਲੈਂਡ ਨੇ ਫੀਲਡਿੰਗ ਵਿੱਚ ਪਹਿਲੇ ਦੋ ਮੈਚਾਂ ਦੇ ਮੁਕਾਬਲੇ ਬਿਹਤਰੀਨ ਪ੍ਰਦਰਸ਼ਨ ਕੀਤਾ, ਪਰ ਗੇਂਦਬਾਜ਼ੀ ਵਿੱਚ ਅਨੁਸ਼ਾਸਨ ਦੀ ਘਾਟ ਦਿਸੀ। ਟੀਮ ਨੇ ਅੱਠ ਵਾਈਡ ਅਤੇ ਦੋ ਨੋ-ਬਾਲ ਗੇਂਦਾਂ ਸੁੱਟੀਆਂ।
ਮਾਰਟਿਲ ਗੁਪਟਿਲ ਨੇ ਸੱਤ ਚੌਕਿਆਂ ਦੀ ਮਦਦ ਨਾਲ 17 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਤੇਜ਼ ਸ਼ੁਰੂਆਤ ਦਿਵਾਈ। ਉਸ ਨੂੰ ਪੈਟ ਬਰਾਊਨ ਨੇ ਟੌਮ ਕੁਰੇਨ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ। ਅਗਲੇ ਓਵਰ ਵਿੱਚ ਕੁਰੇਨ ਨੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਦੀ ਵਿਕਟ ਲਈ। ਮੁਨਰੋ ਨੇ ਛੇ ਦੌੜਾਂ ਬਣਾਈਆਂ। ਲੈੱਗ ਸਪਿੰਨਰ ਮੈਟ ਪਾਰਕੀਸਨ ਨੇ ਆਪਣੀ ਪੰਜਵੀਂ ਗੇਂਦ ’ਤੇ ਟਿਮ ਸੀਫਰਟ (ਸੱਤ ਦੌੜਾਂ) ਨੂੰ ਬਾਹਰ ਦਾ ਰਸਤਾ ਵਿਖਾਇਆ। ਅੱਠਵੇਂ ਓਵਰ ਵਿੱਚ ਟੀਮ ਦਾ ਸਕੋਰ ਤਿੰਨ ਵਿਕਟਾਂ ’ਤੇ 69 ਦੌੜਾਂ ਹੋ ਗਿਆ।
ਗਰੈਂਡਹੋਮ ਅਤੇ ਟੇਲਰ ਨੇ ਇਸ ਮਗਰੋਂ ਪਾਰੀ ਨੂੰ ਸੰਭਾਲਿਆ। ਕੁਰੇਨ ਨੇ ਗਰੈਂਡਹੋਮ ਨੂੰ ਆਊਟ ਕਰ ਕੇ ਇਸ ਭਾਈਵਾਲੀ ਤੋੜੀ। ਇਸ ਮਗਰੋਂ ਸਾਕਿਬ ਨੇ ਟੇਲਰ ਨੂੰ ਐੱਲਬੀਡਬਲਯੂ ਆਊਟ ਕੀਤਾ। ਜਿਮੀ ਨੀਸ਼ਾਮ (20 ਦੌੜਾਂ) ਅਤੇ ਮਿਸ਼ੇਲ ਸੇਂਟਨਰ (15 ਦੌੜਾਂ) ਨੇ ਇਸ ਮਗਰੋਂ ਟੀਮ ਦਾ ਸਕੋਰ 180 ਦੌੜਾਂ ਤੱਕ ਪਹੁੰਚਾਇਆ। ਕੁਰੇਨ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
Sports ਟੀ-20: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ