ਸੀਨੀਅਰ ਕਾਂਗਰਸੀ ਆਗੂਆਂ ਆਨੰਦ ਸ਼ਰਮਾ ਤੇ ਸ਼ਸ਼ੀ ਥਰੂਰ ਦੀ ਅਗਵਾਈ ਵਾਲੀਆਂ ਦੋ ਸੰਸਦੀ ਕਮੇਟੀਆਂ ਨੇ ਵਟਸਐਪ ਜਾਸੂਸੀ ਕੇਸ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਕਮੇਟੀਆਂ ਗ੍ਰਹਿ ਸਕੱਤਰ ਸਮੇਤ ਹੋਰਨਾਂ ਸਿਖਰਲੇ ਸਰਕਾਰੀ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਪੂਰੀ ਤਫ਼ਸੀਲ ਹਾਸਲ ਕਰਨਗੀਆਂ। ਫੇਸਬੁੱਕ ਦੀ ਮਾਲਕੀ ਵਾਲੀ ਵਟਸਐਪ ਨੇ ਵੀਰਵਾਰ ਨੂੰ ਇਕ ਅਣਪਛਾਤੀ ਇਕਾਈ ਵੱਲੋਂ ਇਜ਼ਰਾਇਲੀ ਜਾਸੂਸੀ ਸਾਫ਼ਟਵੇਅਰ ‘ਪੈਗਾਸਸ’ ਦੀ ਮਦਦ ਨਾਲ ਭਾਰਤੀ ਪੱਤਰਕਾਰਾਂ ਤੇ ਮਨੁੱਖੀ ਹੱਕ ਕਾਰਕੁਨਾਂ ਦੀ ਜਾਸੂਸੀ ਕੀਤੇ ਜਾਣ ਦਾ ਖੁਲਾਸਾ ਕੀਤਾ ਸੀ। ਇਸ ਦੌਰਾਨ ਮੈਸੇਜਿੰਗ ਐਪ ਵਟਸਐਪ ਨੇ ਦਾਅਵਾ ਕੀਤਾ ਹੈ ਕਿ 121 ਭਾਰਤੀ ਵਰਤੋਕਾਰਾਂ ਦੇ ਮੋਬਾਈਲਾਂ ਨੂੰ ਕਥਿਤ ਹੈਕ ਕੀਤੇ ਜਾਣ ਸਬੰਧੀ ਜਾਣਕਾਰੀ ਉਸ ਨੇ ਸਤੰਬਰ ਵਿੱਚ ਹੀ ਭਾਰਤ ਸਰਕਾਰ ਨਾਲ ਸਾਂਝੀ ਕਰ ਦਿੱਤੀ ਸੀ। ਉਧਰ ਸੂਚਨਾ ਮੰਤਰਾਲੇ ਨੇ ਆਪਣੇ ਜਵਾਬ ਦਾਅਵੇ ’ਚ ਕਿਹਾ ਕਿ ਮੈਸੇਜਿੰਗ ਐਪ ਵੱਲੋਂ ਪਹਿਲਾਂ ਦਿੱਤੀ ਜਾਣਕਾਰੀ ਨਾਕਾਫ਼ੀ ਤੇ ਅਧੂਰੀ ਸੀ। ਮੰਤਰਾਲੇ ਵਿਚਲੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਟਸਐਪ ਵੱਲੋਂ ਜਵਾਬ ਮਿਲਿਆ ਹੈ, ਜਿਸ ਦਾ ਅਧਿਐਨ ਜਾਰੀ ਹੈ ਤੇ ਜਲਦੀ ਹੀ ਇਸ ਬਾਰੇ ਕੋਈ ਫੈਸਲਾ ਲਿਆ ਜਾਵੇਗਾ। ਗ੍ਰਹਿ ਮਾਮਲਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਵਟਸਐਪ ਜਾਸੂਸੀ ਨਾਲ ਜੁੜੇ ਇਸ ਪੂਰੇ ਘਟਨਾਕ੍ਰਮ ਨੂੰ ਫਿਕਰਮੰਦੀ ਵਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੰਸਦੀ ਕਮੇਟੀ ਦੀ 15 ਨਵੰਬਰ ਦੀ ਅਗਾਮੀ ਮੀਟਿੰਗ ’ਚ ਇਸ ਮੁੱਦੇ ਨੂੰ ਵਿਚਾਰਿਆ ਜਾਵੇਗਾ। ਮੀਟਿੰਗ ਦੌਰਾਨ ਗ੍ਰਹਿ ਸਕੱਤਰ, ਕਮੇਟੀ ਨੂੰ ਜੰਮੂ ਤੇ ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦੇਣਗੇ। ਸ਼ਰਮਾ ਨੇ ਕਿਹਾ, ‘ਇਸ ਮੀਟਿੰਗ ਵਿੱਚ ਵਟਸਐਪ ਜਾਸੂਸੀ ਦਾ ਮੁੱਦਾ ਵੀ ਵਿਚਾਰਿਆ ਜਾਵੇਗਾ ਤੇ ਅਸੀਂ ਸਕੱਤਰ ਤੋਂ ਤਫ਼ਸੀਲ ਮੰਗਾਂਗੇ।’ ਉਧਰ ਸੂਚਨਾ ਤੇ ਤਕਨੀਕ ਬਾਰੇ ਸੰਸਦੀ ਕਮੇਟੀ ਦੇ ਮੁਖੀ ਸ਼ਸ਼ੀ ਥਰੂਰ ਨੇ ਕਿਹਾ ਕਿ ਕਮੇਟੀ ਇਸ ਪੂਰੇ ਘਟਨਾਕ੍ਰਮ ਬਾਰੇ ਆਪਣੀ ਫ਼ਿਕਰਮੰਦੀ ਸਾਂਝੀ ਕਰੇਗੀ। ਥਰੂਰ ਨੇ ਕਿਹਾ ਕਿ ਸੰਸਦੀ ਕਮੇਟੀ ਦੇ ਮੈਂਬਰਾਂ ਨਾਲ ਈਮੇਲ ਜ਼ਰੀਏ ਰਾਬਤਾ ਕੀਤਾ ਜਾਵੇਗਾ। ਥਰੂਰ ਨੇ ਕਿਹਾ, ‘ਸਾਈਬਰ ਸੁਰੱਖਿਆ ਸਾਡੇ ਏਜੰਡੇ ਦੇ ਸਿਖਰ ’ਤੇ ਹੈ ਤੇ ਅਸੀਂ ਯਕੀਨੀ ਤੌਰ ’ਤੇ ਇਸ ਮੁੱਦੇ ਨੂੰ ਵਿਚਾਰਾਂਗੇ ਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਾਂਗੇ।’ ਉਨ੍ਹਾਂ ਕਿਹਾ, ‘ਇਕ ਜਮਹੂਰੀ ਮੁਲਕ ਹੋਣ ਦੇ ਨਾਤੇ, ਭਾਰਤ ਨੂੰ ਆਪਣੀ ਆਜ਼ਾਦੀ ਨੂੰ ਤਕਨਾਲੋਜੀ ਤੋਂ ਦਰਪੇਸ਼ ਜੋਖ਼ਮਾਂ ਬਾਰੇ ਚੌਕਸ ਰਹਿਣਾ ਹੋਵੇਗਾ। ਅਸੀਂ ਕਿਸੇ ਵੀ ਕੀਮਤ ’ਤੇ ਚੀਨ ਦੀ ਤਰਜ਼ ’ਤੇ ਨਿਗਰਾਨੀ ਅਧੀਨ ਮੁਲਕ ਨਹੀਂ ਬਣ ਸਕਦੇ।’ ਇਸ ਦੌਰਾਨ ਪੱੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਉਨ੍ਹਾਂ ਦੇ ਫੋਨ ਟੈਪ ਕੀਤੇ ਜਾਣ ਦੇ ਦਾਅਵੇ ਤੋਂ ਇਕ ਦਿਨ ਮਗਰੋਂ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੇ ਕਈ ਲੋਕਾਂ ਨੇ ਨਿੱਜਤਾ ਵਿੱਚ ਦਖ਼ਲ ਨੂੰ ਲੈ ਕੇ ਫ਼ਿਕਰਮੰਦੀ ਜਤਾਈ ਹੈ। ਉਂਜ ਸ੍ਰੀ ਧਨਖੜ ਨੇ ਕਿਹਾ ਕਿ ਮੁੱਖ ਮੰਤਰੀ ਬੈਨਰਜੀ ਵੱਲੋਂ ਲਾਏ ਦੋਸ਼ਾਂ ਦੇ ਆਧਾਰ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
HOME ਵਟਸਐਪ ਜਾਸੂਸੀ: ਦੋ ਸੰਸਦੀ ਕਮੇਟੀਆਂ ਵੱਲੋਂ ਜਾਂਚ ਕਰਨ ਦਾ ਫ਼ੈਸਲਾ