ਵਾਦੀ ’ਚ ਉੱਡਣ ਦਸਤਿਆਂ ਸਮੇਤ ਸੁਰੱਖਿਆ ਮੁਲਾਜ਼ਮ ਕੀਤੇ ਤਾਇਨਾਤ
ਕੁਲਗਾਮ ਜ਼ਿਲ੍ਹੇ ’ਚ ਪੱਛਮੀ ਬੰਗਾਲ ਦੇ ਪੰਜ ਮਜ਼ਦੂਰਾਂ ਦੀ ਹੱਤਿਆ ਮਗਰੋਂ ਵਾਦੀ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉਂਜ ਵਾਦੀ ’ਚ ਬੁੱਧਵਾਰ ਨੂੰ ਮੁਕੰਮਲ ਬੰਦ ਰਹਿਣ ਕਾਰਨ ਆਮ ਜਨ-ਜੀਵਨ ਠੱਪ ਰਿਹਾ। ਇਹ ਦਹਿਸ਼ਤੀ ਹਮਲਾ ਉਸ ਵੇਲੇ ਹੋਇਆ ਸੀ ਜਦੋਂ ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦਾ ਵਫ਼ਦ ਕਸ਼ਮੀਰ ਦੇ ਦੌਰੇ ’ਤੇ ਸੀ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਪੰਜ ਪਰਵਾਸੀ ਮਜ਼ਦੂਰਾਂ ਨੂੰ ਮੰਗਲਵਾਰ ਰਾਤ ਨੂੰ ਅਤਿਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਹਮਲੇ ’ਚ ਇਕ ਹੋਰ ਮਜ਼ਦੂਰ ਜ਼ਖ਼ਮੀ ਹੋਇਆ ਹੈ ਜਿਸ ਨੂੰ ਸ੍ਰੀਨਗਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਦਹਿਸ਼ਤੀ ਗੁੱਟਾਂ ਤੋਂ ਲਗਾਤਾਰ ਵਾਦੀ ਛੱਡਣ ਦੀਆਂ ਧਮਕੀਆਂ ਮਿਲ ਰਹੀਆਂ ਸਨ ਕਿਉਂਕਿ ਉਹ ‘ਗ਼ੈਰ ਕਸ਼ਮੀਰੀ’ ਸਨ।
ਅਨੰਤਨਾਗ ’ਚ ਸੋਮਵਾਰ ਨੂੰ ਕਟੜਾ ਦੇ ਟਰੱਕ ਡਰਾਈਵਰ ਨਾਰਾਇਣ ਦੱਤ ਦੀ ਹੱਤਿਆ ਕਰਨ ਵਾਲਾ ਹਿਜ਼ਬੁਲ ਮੁਜਾਹਿਦੀਨ ਦਾ ਦਹਿਸ਼ਤਗਰਦ ਅਜਾਜ਼ ਅਹਿਮਦ ਮਲਿਕ ਪੁਲੀਸ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ। ਜਿਸ ਥਾਂ ’ਤੇ ਨਾਰਾਇਣ ਦੱਤ ਦੀ ਹੱਤਿਆ ਕੀਤੀ ਗਈ ਸੀ, ਉਸ ਤੋਂ 200 ਮੀਟਰ ਦੂਰੀ ’ਤੇ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਗਿਆ ਹੈ।
ਅਧਿਕਾਰੀਆਂ ਮੁਤਾਬਕ ਮੰਗਲਵਾਰ ਨੂੰ ਕਸ਼ਮੀਰ ’ਚ ਕਈ ਥਾਵਾਂ ’ਤੇ ਝੜਪਾਂ ਵੀ ਹੋਈਆਂ ਜਿਸ ਕਾਰਨ ਕਈ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਵਾਦੀ ਖ਼ਾਸ ਕਰਕੇ ਦੱਖਣੀ ਕਸ਼ਮੀਰ ’ਚ ਕਈ ਥਾਵਾਂ ’ਤੇ ਉੱਡਣ ਦਸਤਿਆਂ ਦੇ ਨਾਲ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਅਤੇ ਲੋਕਾਂ ਦੀ ਚੈਕਿੰਗ ਇਹਤਿਆਤ ਵਜੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਦੀ ’ਚ ਅਮਨ ਨੂੰ ਲੀਹੋਂ ਲਾਉਣ ਦੀਆਂ ਕੋਸ਼ਿਸ਼ਾਂ ਜਾਂ ਗ਼ੈਰ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਰਾਸ਼ਟਰ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮ ਬਣਾਉਣ ਲਈ ਸੁਰੱਖਿਆ ਬਲ ਚੌਕਸ ਹਨ।
ਧਾਰਾ 370 ਹਟਾਏ ਜਾਣ ਮਗਰੋਂ ਕਸ਼ਮੀਰ ਵਾਦੀ ’ਚ ਲਗਾਤਾਰ 87ਵੇਂ ਦਿਨ ਬੁੱਧਵਾਰ ਨੂੰ ਜਨ-ਜੀਵਨ ਪ੍ਰਭਾਵਿਤ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਬਾਜ਼ਾਰ ਬੰਦ ਰਹੇ ਅਤੇ ਸਰਕਾਰੀ ਵਾਹਨ ਵੀ ਸੜਕਾਂ ’ਤੇ ਨਹੀਂ ਚੱਲੇ। ਪਿਛਲੇ ਦੋ ਮਹੀਨਿਆਂ ਤੋਂ ਸੜਕਾਂ ਕੰਢੇ ਆਪਣੀਆਂ ਰੇਹੜੀਆਂ-ਫੜ੍ਹੀਆਂ ਲਾਉਣ ਵਾਲੇ ਲੋਕ ਵੀ ਅੱਜ ਦੂਜੇ ਦਿਨ ਨਹੀਂ ਪੁੱਜੇ। ਇਸ ਦੌਰਾਨ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਸਾਗਰਦਿਗੀ ਇਲਾਕੇ ਦੇ ਪਿੰਡ ਬਾਹਲ ਨਗਰ ’ਚ ਮਾਤਮ ਛਾ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਹਿਸ਼ਤੀ ਗੁੱਟਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਕਿ ਉਹ ਵਾਦੀ ਛੱਡ ਕੇ ਚਲੇ ਜਾਣ ਕਿਉਂਕਿ ਉਹ ‘ਗ਼ੈਰ-ਕਸ਼ਮੀਰੀ’ ਹਨ।