ਆਰਥਿਕ ਵਿਕਾਸ ਦਰ ਵਿਚ ਆਈ ਖੜੋਤ ਨੇ ਭਾਰਤੀ ਰੇਲਵੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਯਾਤਰੀ ਕਿਰਾਏ ਤੋਂ ਹੁੰਦੀ ਕਮਾਈ ਦੇ ਲਿਹਾਜ਼ ਨਾਲ ਇਸ ਕੌਮੀ ਟਰਾਂਸਪੋਰਟਰ ਨੂੰ 155 ਕਰੋੜ ਦਾ ਘਾਟਾ ਪਿਆ ਹੈ ਜਦਕਿ ਮਾਲ ਦੀ ਢੋਆ-ਢੁਆਈ ਨਾਲ ਹੁੰਦੀ ਕਮਾਈ ’ਚ ਘਾਟਾ 3,901 ਕਰੋੜ ਰੁਪਏ ਨੂੰ ਅੱਪੜ ਗਿਆ ਹੈ। ਇਹ ਘਾਟਾ ਮੌਜੂਦਾ ਵਿੱਤੀ ਵਰ੍ਹੇ ਦੇ ਦੂਜੇ ਕੁਆਰਟਰ ਵਿਚ ਪਿਆ ਹੈ।
ਇਸ ਦਾ ਖ਼ੁਲਾਸਾ ਇਕ ਆਰਟੀਆਈ ਤਹਿਤ ਹੋਇਆ ਹੈ। ਮੱਧ ਪ੍ਰਦੇਸ਼ ਦੇ ਆਰਟੀਆਈ ਕਾਰਕੁਨ ਚੰਦਰ ਸ਼ੇਖ਼ਰ ਗੌੜ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ (ਆਰਟੀਆਈ) ਤਹਿਤ ਪਾਈ ਅਰਜ਼ੀ ਦੇ ਜਵਾਬ ਵਿਚ ਖ਼ੁਲਾਸਾ ਹੋਇਆ ਹੈ ਕਿ ਵਿੱਤੀ ਵਰ੍ਹੇ 2019-20 ਦੇ ਪਹਿਲੇ ਕੁਆਰਟਰ (ਅਪਰੈਲ-ਜੂਨ) ਤੱਕ ਰੇਲਵੇ ਨੇ ਯਾਤਰੀ ਕਿਰਾਏ ਤੋਂ 13,398 ਕਰੋੜ ਰੁਪਏ ਕਮਾਏ ਸਨ ਜਦਕਿ ਜੁਲਾਈ ਤੋਂ ਸਤੰਬਰ ਕੁਆਰਟਰ ਤੱਕ ਯਾਤਰੀ ਕਿਰਾਏ ਤੋਂ ਰੇਲਵੇ ਨੇ 13,243 ਕਰੋੜ ਰੁਪਏ ਕਮਾਏ ਹਨ।
ਇਸ ਤਰ੍ਹਾਂ ਇਹ ਪਾੜਾ 155 ਕਰੋੜ ਰੁਪਏ ਦੇ ਕਰੀਬ ਬਣਦਾ ਹੈ। ਇਸੇ ਤਰ੍ਹਾਂ ਪਹਿਲੇ ਕੁਆਰਟਰ ਵਿਚ ਰੇਲਵੇ ਨੇ ਮਾਲ ਦੀ ਢੋਆ-ਢੁਆਈ ਤੋਂ 29,066 ਕਰੋੜ ਰੁਪਏ ਕਮਾਏ ਸਨ ਜਦਕਿ ਦੂਜੇ ਕੁਆਰਟਰ ਵਿਚ ਕਮਾਈ ਘਟ ਕੇ 25,165 ਕਰੋੜ ਰੁਪਏ ਰਹਿ ਗਈ ਹੈ ਤੇ ਕਰੀਬ 3900 ਕਰੋੜ ਰੁਪਏ ਦਾ ਘਾਟਾ ਉੱਭਰ ਕੇ ਸਾਹਮਣੇ ਆਇਆ ਹੈ। ਆਰਥਿਕ ਘਾਟੇ ਦਾ ਅਸਰ ਟਿਕਟ ਬੁਕਿੰਗ ’ਤੇ ਵੀ ਪਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਮੌਜੂਦਾ ਵਰ੍ਹੇ ਦੇ ਅਪਰੈਲ-ਸਤੰਬਰ ਦੌਰਾਨ ਇਸ ਵਿਚ 1.27 ਫ਼ੀਸਦ ਦੀ ਕਮੀ ਆਈ ਹੈ। ਉਪਨਗਰਾਂ ਦੇ ਰੇਲ ਅੰਕੜੇ ਵੀ 1.13 ਫ਼ੀਸਦ ਦੀ ਕਮੀ ਦਰਜ ਕਰ ਰਹੇ ਹਨ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੋਲਾ ਖਾਣਾਂ ’ਚ ਹੜ੍ਹ ਆਉਣ ਕਾਰਨ ਕੋਲੇ ਦੀ ਲੋਡਿੰਗ ਘਟੀ ਹੈ। ਮੰਦੀ ਕਾਰਨ ਸਟੀਲ ਤੇ ਸੀਮਿੰਟ ਸੈਕਟਰ ਵੀ ਪ੍ਰਭਾਵਿਤ ਹਨ।