ਜ਼ਿਮਨੀ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਪੁਲੀਸ ਨੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਲੋਕ ਪ੍ਰਤੀਨਿਧਤਾ ਐਕਟ 1950/1951/1989 ਦੀ ਧਾਰਾ 130 ਤਹਿਤ ਕੇਸ ਦਰਜ ਕੀਤਾ ਹੈ। ਵਰਨਣਯੋਗ ਹੈ ਕਿ 21 ਅਕਤੂਬਰ ਨੂੰ ਇੱਥੇ ਹੋਈ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਣੇ ਮਾਰਕੀਟ ਕਮੇਟੀ ਦਫ਼ਤਰ ’ਚ ਬਣੇ ਬੂਥ ਨੰਬਰ-184, ਵਿਚ ਵੋਟ ਪਾਉਣ ਪੁੱਜੇ ਸਨ। ਉਹ ਜਦੋਂ ਵੋਟ ਪਾਉਣ ਗਏ ਤਾਂ ਉਨ੍ਹਾਂ ਦੇ ਗਲ ਵਿਚ ਕਾਂਗਰਸ ਪਾਰਟੀ ਦੇ ਨਿਸ਼ਾਨ ਦਾ ਸਕਾਰਫ਼ ਪਾਇਆ ਹੋਇਆ ਸੀ।
ਇਸ ਦੀ ਸ਼ਿਕਾਇਤ ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੇ ਮੌਕੇ ’ਤੇ ਭਾਰਤ ਚੋਣ ਕਮਿਸ਼ਨ, ਪੰਜਾਬ ਚੋਣ ਕਮਿਸ਼ਨ, ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕੀਤੀ ਸੀ, ਜਿਸ ਉਪਰੰਤ ਸ੍ਰੀ ਧਾਲੀਵਾਲ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ।
ਇਸ ’ਚ ਰਿਟਰਨਿੰਗ ਅਫ਼ਸਰ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਸੀ.ਈ.ਓ. ਪੰਜਾਬ ਡਾ. ਐਸ. ਕਰੁਣਾ ਰਾਜੂ ਅਤੇ ਚੋਣ ਅਬਜ਼ਰਵਰ ਸੌਰਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ’ਚ ਰਖਦੇ ਹੋਏ ਇਸ ਮਾਮਲੇ ਦੀ ਜਾਂਚ ਕਰਨ। ਅੱਜ ਗੱਲਬਾਤ ਕਰਦੇ ਹੋਏ ਐੱਸ.ਡੀ.ਐੱਮ. ਮੁਹੰਮਦ ਲਤੀਫ਼ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਆਪਣੀ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਪੁਲੀਸ ਨੇ ਸ੍ਰੀ ਧਾਲੀਵਾਲ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ ਤੇ ਪੁਲੀਸ ਨੇ 25 ਅਕਤੂਬਰ ਨੂੰ ਚੁਣੇ ਵਿਧਾਇਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਰਨਣਯੋਗ ਹੈ ਕਿ ਸ੍ਰੀ ਧਾਲੀਵਾਲ ਨੇ ਫਗਵਾੜਾ ਵਿਧਾਨ ਸਭਾ ਸੀਟ ’ਤੇ 49,215 ਵੋਟਾਂ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੂੰ 23,099 ਵੋਟਾਂ ਪਈਆਂ ਸਨ। ਐਸ.ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
INDIA ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਧਾਲੀਵਾਲ ਖ਼ਿਲਾਫ਼ ਕੇਸ