ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਸ਼ਰਧਾਲੂਆਂ ਦੀ ਠਹਿਰ ਲਈ ਬਣਾਏ ਟੈਂਟ ਸਿਟੀ ਨੰਬਰ ਇਕ ’ਤੇ ਬੀਤੀ ਦੇਰ ਰਾਤ ਆਤਿਸ਼ਬਾਜ਼ੀ ਡਿੱਗਣ ਨਾਲ ਅੱਗ ਲੱਗ ਗਈ, ਜਿਸ ਕਾਰਨ ਪੰਜ ਟੈਂਟ ਅਤੇ 15 ਤੋਂ ਵੱਧ ਪਲੰਘ ਸੜ ਗਏ। ਅੱਗ ਬੁਝਾਉਣ ਲਈ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ ਕਿਉਂਕਿ ਸਾਰਾ ਕੁਝ ਕੱਪੜੇ ਦਾ ਬਣਿਆ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ ਨੇ ਕਿਹਾ ਕਿ ਸੁਲਤਾਨਪੁਰ ਇਲਾਕੇ ਵਿਚ ਆਤਿਸ਼ਬਾਜ਼ੀ
ਚਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਨੂੰ 6 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਜਿਥੇ ਮੁੱਖ ਸਟੇਜ ਬਣਾਈ ਜਾ ਰਹੀ ਹੈ, ਉਸ ਦੇ ਨਾਲ ਹੀ ਬਣਾਈ ਗਈ ਵੀਵੀਆਈਪੀ ਟੈਂਟ ਸਿਟੀ ’ਚ ਤੰਬੂ ਲਾਏ ਗਏ ਹਨ। ਟੈਂਟਾਂ ਨੂੰ ਅੱਗ ਲੱਗਣ ਵਾਲੀ ਥਾਂ ਤੋਂ ਮਹਿਜ਼ 200 ਮੀਟਰ ਦੂਰ ਪੰਜਾਬ ਸਰਕਾਰ ਵੱਲੋਂ ਮੁੱਖ ਪੰਡਾਲ ਬਣਾਇਆ ਗਿਆ ਹੈ। ਇਸੇ ਦੌਰਾਨ, ਪ੍ਰਬੰਧ ਕਰਨ ਵਾਲੀ ਕੰਪਨੀ ਨੇ ਸੜੇ ਟੈਂਟਾਂ ਅਤੇ ਪਲੰਘਾਂ ਦੀ ਥਾਂ ਨਵਾਂ ਸਾਮਾਨ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਐੱਸਡੀਐੱਮ ਡਾ. ਚਾਰੂਮਿਤਾ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਲਤਾਨਪੁਰ ਲੋਧੀ ਦੀ ਹਦੂਦ ਅੰਦਰ ਅਤੇ ਬਾਹਰ ਵਾਲੇ 20 ਕਿਲੋਮੀਟਰ ਦੇ ਇਲਾਕੇ ਵਿਚ ਆਤਿਸ਼ਬਾਜ਼ੀ/ਪਟਾਕੇ ’ਤੇ ਪਾਬੰਦੀ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਇਹ ਪਾਬੰਦੀ ਲਾਈ ਗਈ ਹੈ, ਜੋ 31 ਨਵੰਬਰ ਤੱਕ ਲਾਗੂ ਰਹੇਗੀ।
HOME ਟੈਂਟ ਸਿਟੀ ’ਚ ਅੱਗ, ਪੰਜ ਟੈਂਟ ਤੇ 15 ਪਲੰਘ ਸੜੇ