- ਰਾਜਸੀ ਸ਼ਰਣ ਲਈ ਕੈਨੇਡਾ ਤੋਂ ਭੱਜਿਆ ਸੀ ਅਮਰੀਕਾ
ਮਾਨਸਾ (ਸਮਾਜ ਵੀਕਲੀ): ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਵੇਰਵਿਆਂ ਮੁਤਾਬਕ ਉਸ ਨੂੰ 20 ਨਵੰਬਰ ਨੂੰ ਕਾਬੂ ਕੀਤਾ ਗਿਆ ਹੈ, ਪਰ ਕੈਲੀਫੋਰਨੀਆ ਪੁਲੀਸ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਤੇ ਨਾ ਹੀ ਅਮਰੀਕੀ ਸਰਕਾਰ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਕੋਈ ਜਾਣਕਾਰੀ ਦਿੱਤੀ ਹੈ। ਹਾਲਾਂਕਿ ਭਾਰਤੀ ਖੁਫ਼ੀਆ ਵਿਭਾਗ ਤੱਕ ਕਿਸੇ ਤਰੀਕੇ ਇਹ ਜਾਣਕਾਰੀ ਪੁੱਜ ਗਈ ਹੈ।
ਮਾਨਸਾ ਪੁਲੀਸ ਦੇ ਇੱਕ ਅਧਿਕਾਰੀ ਨੇ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਪੁਲੀਸ ਵੱਲੋਂ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਬਿਨਾਂ ਪਾਸਪੋਰਟ ਤੋਂ ਫੜਿਆ ਗਿਆ ਹੈ ਅਤੇ ਉਸ ਖਿਲਾਫ਼ ਪਹਿਲਾਂ ਹੀ ਦੋ ਪੁਰਾਣੇ ਕੇਸਾਂ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਗੋਲਡੀ ਬਰਾੜ ਕੁਝ ਸਮਾਂ ਪਹਿਲਾਂ ਹੀ ਰਾਜਸੀ ਸ਼ਰਣ ਲੈਣ ਲਈ ਕੈਨੇਡਾ ਤੋਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਚਲਿਆ ਗਿਆ ਸੀ। ਮੋਦੀ ਸਰਕਾਰ ਹੁਣ ‘ਰੈੱਡ ਕਾਰਨਰ’ ਨੋਟਿਸ ਦੇ ਸਬੂਤ ਬਾਇਡਨ ਸਰਕਾਰ ਨੂੰ ਦੇ ਕੇ ਗੈਂਗਸਟਰ ਨੂੰ ਭਾਰਤ ਲਿਆਉਣ ਲਈ ਚਾਰਾਜੋਈ ਆਰੰਭ ਕਰੇਗੀ। ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅਜੇ ਵੀਰਵਾਰ ਨੂੰ ਹੀ ਗੋਲਡੀ ਬਰਾੜ ਦੀ ਸੂਹ ਦੇਣ ਵਾਲੇ ਨੂੰ ਆਪਣੇ ਪੱਲਿਓਂ 2 ਕਰੋੜ ਰੁਪਏ ਦੇਣ ਦਾ ਦਾਅਵਾ ਕੀਤਾ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇਲਾਵਾ ਕੁਝ ਦਿਨ ਪਹਿਲਾਂ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਪੁਲੀਸ ਸੁਰੱਖਿਆ ਵਿੱਚ ਮਾਰਿਆ ਗਿਆ ਸੀ। ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕੋਈ ਇਨਸਾਫ਼ ਨਹੀਂ ਮਿਲਿਆ, ਜਿਸ ਕਾਰਨ ਡੇਰਾ ਪ੍ਰੇਮੀ ਦਾ ਕਤਲ ਹੋਇਆ ਹੈ। ਡੇਰਾ ਸੱਚਾ ਸੌਦਾ ਦੇ ਇਸ ਸ਼ਰਧਾਲੂ ਦਾ ਨਾਂ ਬੇਅਦਬੀ ਮਾਮਲੇ ’ਚ ਆਇਆ ਸੀ ਤੇ ਉਹ ਜ਼ਮਾਨਤ ’ਤੇ ਸੀ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਅਨਮੋਲ ਨੂੰ ਦੁਬਈ ਵਿਚ ਹਿਰਾਸਤ ਵਿਚ ਲਿਆ ਗਿਆ ਸੀ, ਜਦੋਂ ਕਿ ਭਾਣਜੇ ਨੂੰ ਅਜ਼ਰਬਾਇਜਾਨ ਤੋਂ ਹਿਰਾਸਤ ਵਿਚ ਲਿਆ ਗਿਆ ਸੀ।
ਇਨ੍ਹਾਂ ਦੋਵਾਂ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਹੀ ਲਾਰੈਂਸ ਨੇ ਵਿਦੇਸ਼ ਭੇਜ ਦਿੱਤਾ ਸੀ। ਦੋਵੇਂ ਫਰਜ਼ੀ ਪਾਸਪੋਰਟਾਂ ’ਤੇ ਫਰਜ਼ੀ ਨਾਵਾਂ ਨਾਲ ਵਿਦੇਸ਼ ਪਹੁੰਚੇ ਸਨ। ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੇ ਪੰਜਾਬ ਪੁਲੀਸ ਵੱਲੋਂ ਉਪਰਾਲੇ ਜਾਰੀ ਹਨ। ਮਾਨਸਾ ਦੇ ਪਿੰਡ ਜਵਾਹਰਕੇ ’ਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਮੂਸੇਵਾਲਾ ਆਪਣੀ ਥਾਰ ਜੀਪ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ ਅਤੇ ਕੁੱਲ 6 ਸ਼ੂਟਰਾਂ ਨੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ, ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂਕਿ ਦੋ ਸ਼ੂਟਰ ਅੰਮ੍ਰਿਤਸਰ ਦੇ ਅਟਾਰੀ ਵਿਖੇ ਹੋਏ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly