ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਭਾਜਪਾ ਨੇ 2014 ਦੀਆਂ ਵਿਧਾਨ ਸਭਾ ਦੇ ਮੁਕਾਬਲੇ ਇਸ ਵਾਰ ਘੱਟ ਸੀਟਾਂ ਜਿੱਤੀਆਂ ਹਨ ਪਰ ‘ਸਟਰਾਈਕ ਰੇਟ’ ਬਿਹਤਰ ਰਿਹਾ ਹੈ। ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੂੰ ਸਪੱਸ਼ਟ ਅਤੇ ਫ਼ੈਸਲਾਕੁਨ ਫ਼ਤਵਾ ਦੇਣ ਲਈ ਮਹਾਰਾਸ਼ਟਰ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸੱਤਾ ’ਚ ਭਾਈਵਾਲੀ ਬਾਰੇ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਜੋ ਫ਼ੈਸਲਾ ਹੋਇਆ ਹੈ, ਉਸੇ ਮੁਤਾਬਕ ਹੀ ਅੱਗੇ ਵਧਿਆ ਜਾਵੇਗਾ। ਫੜਨਵੀਸ ਨੇ ਕਿਹਾ ਕਿ ਪਾਰਟੀ ਦੇ ਕੁਝ ਬਾਗ਼ੀ ਆਗੂਆਂ ਕਾਰਨ ਭਾਜਪਾ ਨੂੰ ਚੋਣਾਂ ’ਚ ਨੁਕਸਾਨ ਹੋਇਆ ਪਰ ਇਨ੍ਹਾਂ ’ਚੋਂ 15 ਅਜੇ ਉਨ੍ਹਾਂ ਦੇ ਸੰਪਰਕ ’ਚ ਹਨ। ਉਨ੍ਹਾਂ ਲੋਕ ਸਭਾ ਹਲਕੇ ਸਤਾਰਾ ’ਚ ਉਦਯਨਰਾਜੇ ਭੌਂਸਲੇ ਅਤੇ ਪਾਰਲੀ ਵਿਧਾਨ ਸਭਾ ਸੀਟ ਤੋਂ ਪੰਕਜਾ ਮੁੰਡੇ ਦੀ ਹਾਰ ’ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਇਹ ਸਮਾਂ ਜਸ਼ਨ ਦਾ ਹੈ ਨਾ ਕਿ ਚੋਣਾਂ ਦਾ ਲੇਖਾ-ਜੋਖਾ ਕਰਨ ਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 260 ਸੀਟਾਂ ’ਤੇ ਚੋਣ ਲੜ ਕੇ 28 ਫ਼ੀਸਦ ਵੋਟ ਹਾਸਲ ਕਰਦਿਆਂ 122 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ 164 ਸੀਟਾਂ ’ਤੇ ਚੋਣ ਲੜ ਕੇ ਸਾਢੇ 26 ਫ਼ੀਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਐੱਨਸੀਪੀ ਮੁਖੀ ਸ਼ਰਦ ਪਵਾਰ ’ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ ਜਦਕਿ ਉਹ ਦਾਅਵਾ ਕਰਦੇ ਸਨ ਕਿ ਵਿਰੋਧੀ ਧਿਰ ਚੋਣਾਂ ’ਚ ਹੂੰਝਾ ਫੇਰੇਗੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਭਾਜਪਾ-ਸ਼ਿਵ ਸੈਨਾ ਗੱਠਜੋੜ ਸਰਕਾਰ ਬਣਾ ਰਿਹਾ ਹੈ।