ਹਲਕਾ ਦਾਖਾ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ

ਵਿਧਾਨ ਸਭਾ ਹਲਕਾ ਦਾਖਾ ਨੂੰ ਅੱਜ ਨਵਾਂ ਵਿਧਾਇਕ ਮਿਲ ਜਾਵੇਗਾ। 21 ਅਕਤੂਬਰ ਨੂੰ ਹਲਕਾ ਦਾਖਾ ਵਿੱਚ ਹੋਈ ਜ਼ਿਮਨੀ ਚੋਣ ਵਿੱਚ ਪਈਆਂ ਵੋਟਾਂ ਦੀ ਗਿਣਤੀ ਅੱਜ ਕੀਤੀ ਜਾਵੇਗੀ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੇ ਪੂਰੀ ਤਿਆਰੀ ਕਰ ਲਈ ਹੈ। 24 ਅਕਤੂਬਰ ਵੀਰਵਾਰ ਨੂੰ ਗੁਰੂਸਰ ਸੁਧਾਰ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਦੇ ਆਡੀਟੋਰੀਅਮ ਗਿਣਤੀ ਹੋਵੇਗੀ। ਗਿਣਤੀ ਸਵੇਰੇ 8.00 ਵਜੇ ਸ਼ੁਰੂ ਹੋਵੇਗੀ। ਦੱਸ ਦਈਏ ਕਿ ਹਲਕਾ ਦਾਖਾ ਵਿੱਚ ਆਪ ਦੇ ਵਿਧਾਇਕ ਉੱਘੇ ਵਕੀਲ ਐਚਐਸ ਫੂਲਕਾ ਦੇ ਅਸਤੀਫ਼ੇ ਤੋਂ ਬਾਅਦ ਜ਼ਿਮਨੀ ਚੋਣ ਕਰਵਾਈ ਗਈ ਸੀ ਜਿਸ ਵਿੱਚ ਹੁਣ ਸਿੱਧੇ ਤੌਰ ’ਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਿਚਾਲੇ ਟੱਕਰ ਹੈ। ਦੋਵੇਂ ਹੀ ਪਾਰਟੀਆਂ ਦੇ ਸਮਰਥਕ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।ਗਿਣਤੀ ਤੋਂ 24 ਘੰਟੇ ਪਹਿਲਾਂ ਅੱਜ ਤਿਆਰੀਆਂ ਦਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਜਨਰਲ ਆਬਜ਼ਰਵਰ ਮਹਾਂਵੀਰ ਪ੍ਰਸ਼ਾਦ, ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ, ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਮੱਲ੍ਹੀ,ਐਸਪੀ ਜਸਵਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਤਿਆਰੀਆਂ ਦਾ ਜਾਇਜ਼ਾ ਲਿਆ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਗਿਣਤੀ ਲਈ 20 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦ ਕਿ 4 ਟੀਮਾਂ ਰਿਜ਼ਰਵ ਰੱਖੀਆਂ ਗਈਆਂ ਹਨ। ਇੱਕ ਟੀਮ ਵਿੱਚ ਸੇਵਾਦਾਰ ਸਮੇਤ 4 ਮੈਂਬਰ ਰੱਖੇ ਗਏ ਹਨ। ਗਿਣਤੀ ਕੇਂਦਰ ਵਿੱਚ ਗਿਣਤੀ ਸਟਾਫ਼ ਤੋਂ ਬਿਨਾ ਜਨਰਲ ਆਬਜ਼ਰਵਰ, ਰਿਟਰਨਿੰਗ ਅਫ਼ਸਰ, ਉਮੀਦਵਾਰ ਜਾਂ ਉਨ੍ਹਾਂ ਦਾ ਚੋਣ ਏਜੰਟ ਅਤੇ ਹਰੇਕ ਉਮੀਦਵਾਰ ਦੇ ਪ੍ਰਤੀ ਟੇਬਲ ਇੱਕ ਗਿਣਤੀ ਏਜੰਟ ਰਹਿ ਸਕਣਗੇ। ਉਮੀਦਵਾਰ ਜਾਂ ਉਸਦਾ ਚੋਣ ਏਜੰਟ (ਕੋਈ ਇੱਕ) ਰਿਟਰਨਿੰਗ ਅਫ਼ਸਰ ਦੇ ਟੇਬਲ ਦੇ ਪਿੱਛੇ ਬੈਠ ਸਕਣਗੇ। ਗਿਣਤੀ ਪ੍ਰਕਿਰਿਆ ਦੀ ਕਵਰੇਜ ਲਈ ਮੀਡੀਆ ਕਰਮੀ ਗਿਣਤੀ ਕੇਂਦਰ ਵਿੱਚ ਆਪਣੇ ਕੈਮਰੇ ਸਮੇਤ ਜਾ ਸਕਣਗੇ।

Previous articleਮੁਕਾਮੀ ਸਮੀਕਰਨਾਂ ਦਾ ਇੰਦੂ ਬਾਲਾ ਨੂੰ ਮਿਲਿਆ ਭਰਪੂਰ ਲਾਹਾ
Next articleਲੋਕਾਂ ਨੇ ਐੱਨਡੀਏ ਨੂੰ ਬਹੁਤ ਪਿਆਰ ਦਿੱਤਾ: ਮੋਦੀ