ਬਠਿੰਡਾ (ਸਮਾਜ ਵੀਕਲੀ) (ਸਿਵੀਆਂ) : ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਾਮਿਲ ਬਾਂਸਲ ਦੀ ਅਗਵਾਈ ਹੇਠ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਚ ਵਿਸ਼ਵ ਏਡਜ ਦਿਵਸ ਮੌਕੇ ਜਾਗਰੂਕਤਾ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸ਼ਕੀ ਮਰੀਜ਼ਾਂ ਦੀ ਸਲਾਹਕਾਰੀ ਵੀ ਕੀਤੀ ਗਈ । ਇਸ ਮੌਕੇ ਡਾ ਪਾਮਿਲ ਬਾਂਸਲ ਨੇ ਕਿਹਾ ਕਿ ਏਡਜ ਇੱਕ ਭਿਆਨਕ ਬੀਮਾਰੀ ਹੈ, ਜੋ ਇਨਸਾਨ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ। ਜਿਸ ਕਾਰਨ ਵਿਅਕਤੀ ਨੂੰ ਬਹੁਤ ਸਾਰੀਆਂ ਬੀਮਾਰੀਆਂ ਵੱਲੋਂ ਘੇਰ ਲਿਆ ਜਾਂਦਾ ਹੈ।
ਏਡਜ ਚਾਰ ਕਾਰਨਾਂ ਕਾਰਨ ਫੈਲਦਾ ਹੈ, ਜਿਵੇਂ ਕਿ ਅਸੁਰਿੱਖਤ ਸ਼ਰੀਰਕ ਸਬੰਧ, ਜਨਮ ਸਮੇਂ ਮਾਂ ਤੋਂ ਬੱਚੇ ਨੂੰ, ਐੱਚਆਈਵੀ ਯੁਕਤ ਖੂਨ ਚੜਾਉਣ ਨਾਲ ਤੇ ਇੱਕ ਸੂਈ ਦੀ ਵਾਰ-ਵਾਰ ਵਰਤੋਂ ਕਰਨ ਨਾਲ। ਇਸ ਲਈ ਜ਼ਰੂਰੀ ਹੈ ਕਿ ਸ਼ਰੀਰਕ ਸਬੰਧ ਬਣਾਉਂਦੇ ਸਮੇਂ ਕੰਡੋਮ ਦੀ ਵਰਤੋਂ ਕੀਤੀ ਜਾਵੇ ਤੇ ਜਦੋਂ ਕਿਸੇ ਨੂੰ ਖੂਨ ਚੜਾਉਣ ਦੀ ਲੋੜ ਹੋਵੇਂ ਤਾਂ ਚੈੱਕ ਕਰਨਾ ਚਾਹੀਦਾ ਹੈ ਕਿ ਖੂਨ ਐੱਚਆਈਵੀ ਪਾਜੀਟਿਵ ਨਾ ਹੋਵੇ। ਇਸ ਤੋਂ ਇਲਾਵਾ ਨਸ਼ੇ ਦੇ ਆਦੀ ਵਿਅਕਤੀਆਂ ਵੱਲੋਂ ਇੱਕੋ ਸੂਈ ਦੀ ਵਾਰ-ਵਾਰ ਵਰਤੋਂ ਕਾਰਨ ਏਡਜ਼ ਬੀਮਾਰੀ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਕਿਸੇ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਇੱਕਠੇ ਬੈਠਣ ਨਾਲ, ਮੱਛਰ ਦੇ ਕੱਟਣ ਨਾਲ ਆਦਿ ਕਾਰਨਾ ਨਾਲ ਏਡਜ ਨਹੀਂ ਫੈਲਦਾ। ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਏਡਜ਼ ਦੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ‘ਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਜੇਕਰ ਐੱਚ ਆਈ ਵੀ ਪਾਜੀਟਿਵ ਵਿਅਕਤੀ ਸਮੇਂ ਸਿਰ ਦਵਾਈ ਲੈਂਦਾ ਰਹੇ ਤਾਂ ਉਹ ਚੰਗਾ ਜੀਵਨ ਬਤੀਤ ਕਰ ਸਕਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly