ਜਸਵੰਤ ਸਿੰਘ ਸੇਖੋਂ ਦੀ ਪੰਜ ਪਿਆਰਿਆਂ ਬਾਰੇ ਲਿਖੀ ਖੋਜ ਭਰਪੂਰ ਪੁਸਤਕ ਲੋਕ ਅਰਪਨ ਕੀਤੀ ਗਈ

ਕੈਲਗਰੀ (ਇਕਬਾਲ ਖ਼ਾਨ): ਅਰਪਨ ਲਿਖਾਰੀ ਸਭਾ ਦੀ ਅਕਤੂਬਰ ਮਹੀਨੇ ਦੀ ਸਾਹਿਤਕ ਮਿਲਣੀ ਐਕਸ ਸਰਵਿਸਮਿਨ ਦੇ ਹਾਲ ਵਿੱਚ ਭਰਵੇਂ ਇਕੱਠ ਵਿੱਚ ਜਸਵੰਤ ਸਿੰਘ ਸੇਖੋਂ, ਜੋਗਾ ਸਿੰਘ ਸਿਹੋਤਾ ਅਤੇ ਸਿਰਤਾਜ ਬਦੇਸ਼ਾ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਜ਼ਿੰਮੇਵਾਰੀ ਇਕਬਾਲ ਖ਼ਾਨ ਨੇ ਸੰਭਾਲਦਿਆਂ ਆਏ ਹੋਏ ਸਾਹਿਤਕਾਰਾਂ, ਸਾਹਿਤ ਪੇ੍ਰਮੀਆਂ ਨੂੰ ਜੀ ਆਇਆ ਆਖਿਆ ਅਤੇ ਅੱਜ ਦੇ ਪ੍ਰੋਗਾਮ (ਜਸਵੰਤ ਸਿੰਘ ਸੇਖੋਂ ਦੀ ਨਵੀਂ ਛਪੀ ਕਿਤਾਬ ‘ਪਿਆਰੇ ਸੇਖੋਂ’ ਲੋਕ ਅਰਪਨ ਕਰਨ) ਬਾਰੇ ਜਾਣਕਾਰੀ ਦਿੱਤੀ।


ਪ੍ਰੋਗਰਾਮ ਦਾ ਅਗਾਜ਼ ਜੋਗਾ ਸਿੰਘ ਸਿਹੋਤਾ ਅਤੇ ਅਮਰੀਕ ਸਿੰਘ ਚੀਮਾਂ ਨੇ ਜਸਵੰਤ ਸਿੰਘ ਸੇਖੋਂ ਦੇ ਪੰਜਾਬੀ ਵਿੱਚ ਲਿਖੇ ‘ਓ ਕੈਨੇਡਾ’ ਦੇ ਗੀਤ ਨਾਲ ਬਹੁਤ ਹੀ ਵਧੀਆ ਅੰਦਾਜ਼ ਵਿੱਚ ਕੀਤਾ ਗਿਆ। ਨਰਿੰਦਰ ਸਿੰਘ ਢਿੱਲੋਂ ਨੇ ਜਸਵੰਤ ਸਿੰਘ ਸੇਖੋਂ ਦੀ ਕਿਤਾਬ ਬਾਰੇ ਆਪਣੇ ਵਿਚਾਰ ਬਹੁਤ ਹੀ ਵਿਸਥਾਰ ਸਹਿਤ ਪੇਸ਼ ਕੀਤੇ। ਕਵੀਸ਼ਰੀ ਵਿੱਚ ਲਿਖੀ ਇਸ ਕਿਤਾਬ ਵਿੱਚੋਂ ਹੀ ਜਸਵੰਤ ਸਿੰਘ ਸੇਖੋਂ ਅਤੇ ਸਰੂਪ ਸਿੰਘ ਮੰਡੇਰ ਦੀ ਕਵੀਸ਼ਰ ਜੋੜੀ ਨੇ ਇੱਕ ਕਵਿਤਾ ਸਾਂਝੀ ਕੀਤੀ। ਰਵੀ ਜਨਾਗਲ ਨੇ ਵੀ ਸੇਖੋਂ ਦੀ ਲਿਖੀ ਕਵਿਤਾ ਆਪਣੇ ਵਿਲੱਖਣ ਅੰਦਾਜ਼ ਵਿੱਚ ਸੁਣਾਈ। ਗੁਰਚਰਨ ਕੌਰ ਥਿੰਦ ਨੇ ਜਸਵੰਤ ਸਿੰਘ ਸੇਖੋਂ ਨੂੰ ਵਧਾਈ ਪੇਸ਼ ਕਰਦਿਆਂ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸਤਨਾਮ ਸਿੰਘ ਢਾਅ ਨੇ ਸੇਖੋਂ ਨੂੰ ਕਵੀਸ਼ਰੀ ਕਾਵਿਧਾਰਾ ਵਿੱਚ ਮੁੱਲਵਾਨ ਵਾਧਾ ਕਰਨ ਲਈ ਵਧਾਈ ਦਿੰਦਿਆਂ, ਡਾ. ਸਰਬਜੀਤ ਕੌਰ ਜਾਵੰਦਾ ਦਾ ਬਹੁਤ ਹੀ ਭਾਵਪੂਰਤ ਸ਼ੈਲੀ ਵਿੱਚ ਲਿਖਿਆ ਪੁਸਤਕ ਰੀਵਿਊ (ਦਸਮੇਸ਼ ਪਿਤਾ ਦੇ ਪੰਜ ਪਿਆਰੇ: ਇਤਿਹਾਸਕ, ਸਮਾਜਿਕ ਅਤੇ ਧਾਰਮਿਕ ਤੱਥ ਦੀ ਕਾਵਿਕ ਪੇਸ਼ਕਾਰੀ’) ਪੜ੍ਹ ਕੇ ਸੁਣਇਆ। ਉਪਰੰਤ ਸਭਾ ਦੇ ਮੈਂਬਰਾਂ ਵੱਲੋਂ ਜਸਵੰਤ ਸਿੰਘ ਸੇਖੋਂ ਦੀ ਪੁਸਤਕ ਰੀਲੀਜ਼ ਕੀਤੀ ਗਈ। ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਵੀ ਕਿਤਾਬ ਦੇ ਧਾਰਮਿਕ ਅਤੇ ਇਤਿਹਸਕ ਮਹੱਤਤਾ ਬਾਰੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ। ਹਰਮਿੰਦਰ ਕੌਰ ਚੁੱਘ ਅਤੇ ਸਰਬਜੀਤ ਕੌਰ ਉੱਪਲ ਵੱਲੋਂ ਜਸਵੰਤ ਸਿੰਘ ਸੇਖੋਂ ਦੀ ਇਸੇ ਪੁਸਤਕ ਵਿੱਚੋਂ ਕਵੀਸ਼ਰੀ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਇੱਕ ਬਹੁਤ ਹੀ ਦਿਲਚਸਪ ਕਵੀਸ਼ਰੀ ਜਸਵੰਤ ਸਿੰਘ ਸੇਖੋਂ ਅਤੇ ਉਹਨਾਂ ਦੇ ਦੋਹਤਰੇ ਸਿਰਤਾਜ ਸਿੰਘ ਬਦੇਸ਼ਾ ਵੱਲੋਂ ਗਾਈ ਗਈ, ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਇਆ ਗਿਆ। ਸਤਨਾਮ ਸਿੰਘ ਢਾਅ ਨੇ ਇਸ ਪੁਸਤਕ ਦੇ ਟਾਇਟਲ ਅਤੇ ਪਰੂਫ਼ ਰੀਡਿੰਗ ਬਾਰੇ ਕੁਝ ਸੁਝਾ ਵੀ ਦਿੱਤੇ। ਢਾਅ ਨੇ ਇਸ ਪੁਸਤਕ ਬਾਰੇ ਬੋਲਦਿਆਂ ਆਖਿਆ ਕਿ ਜਿਥੇ ਇਹ ਕਿਤਾਬ ਕਵੀਸ਼ਰਾਂ ਅਤੇ ਢਾਡੀਆਂ ਲਈ ਲਈ ਇੱਕ ਤੋਹਫ਼ਾ ਸਾਬਤ ਹੋਵੇਗੀ ਓਥੇ ਆਮ ਪਾਠਕ ਲਈ ਵੀ ਇੱਕ ਨਵੀਂ ਅਤੇ ਵਿਲੱਖਣ ਜਾਣਕਾਰੀ ਦਾ ਸਰੋਤ ਹੋਵੇਗੀ। ਉਪਰੰਤ ਜਸਵੰਤ ਸਿੰਘ ਸੇਖੋਂ ਇਸ ਪੁਸਤਕ ਦੀ ਸਿਰਜਣਾ ਕਰਦੇ ਸਮੇਂ ਦੀਆਂ ਮੁਸ਼ਕਲਾਂ ਅਤੇ ਪੰਜ ਪਿਆਰਿਆਂ ਦੇ ਪਿਛੋਕੜ ਬਾਰੇ ਇਤਿਹਾਸਕ ਖੋਜ ਬਾਰੇ ਸਾਰੇ ਵੇਰਵਿਆਂ ਦਾ ਵਰਨਣ ਕਰਦੇ ਹੋਏ, ਸਰੋਤਿਆਂ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੇ ਕੁਝ ਦੇ ਸ਼ੰਕੇ ਵੀ ਨਿਵਾਰਤ ਕੀਤੇ।

ਮੀਟਿੰਗ ਦੇ ਦੂਜੇ ਦੌਰ ਵਿੱਚ ਜਗਜੀਤ ਸਿੰਘ ਰਹਿਸੀ ਨੇ ਹਮੇਸ਼ਾ ਦੀ ਤਰ੍ਹਾਂ ਉਰਦੂ ਦੇ ਬਹੁਤ ਹੀ ਮਕਬੂਲ ਸ਼ੇਅਰ ਪੇਸ਼ ਕੀਤੇ। ਸੁਰਿੰਦਰ ਗੀਤ ਨੇ ਬਾਬਾ ਨਾਨਕ ਨੂੰ ਸੰਬੋਧਨ ਆਪਣੀ ਲਿਖੀ ਇੱਕ ਕਵਿਤਾ ਪੇਸ਼ ਕੀਤੀ। ਸੁਰਿੰਦਰ ਢਿੱਲੋਂ ਨੇ ਸੂਫ਼ੀ ਸਾਹਿਤ ਵਿੱਚੋਂ ਬਾਬਾ ਬੁਲੇ ਸ਼ਾਹ ਦਾ ਕਲਾਮ ਪੇਸ਼ ਕੀਤਾ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਕੈਲਗਰੀ ਦੀਆਂ ਵੱਖ ਵੱਖ ਜਥੇਬੰਦੀਆਂ ( ਕੈਲਗਿਰੀ ਵੋਮੈਨ ਐਸੋਸੀਏਸ਼ਨ, ਰੁਆਇਲ ਵੋਮਿਨ ਐਸੋਸੀਏਸ਼ਨ, ਪ੍ਰੋਗ੍ਰੇਸਿਵ ਕਲਚਰਲ ਐਸੋਸੀਏਸ਼ਨ, ਪੰਜਾਬੀ ਸਾਹਿਤ ਸਭਾ ਕੈਲਗਰੀ, ਨੌਰਥ ਕਲਚਰਲ ਐਸੋਸੀਏਸ਼ਨ, ਇੰਡੋ-ਕੈਨੇਡੀਅਨ ਐਸੋਸਇੇਸ਼ਨ ਇੰਮੀਗ੍ਰੇਸ਼ਨ) ਦੇ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਪੁਸਤਕ ਦੀ ਝੁੰਡ ਚੁਕਈ ਅਤੇ ਪੁਸਤਕ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਪੰਜਾਬੀ ਮੀਡੀਆਂ ਤੋਂ ਸਿੱਖ ਵਿਰਸਾ, ਪੰਜਾਬੀ ਅਖ਼ਬਾਰ, ਪੰਜਾਬੀ ਨੈਸ਼ਨਲ ਵੱਲੋਂ, ਸਰਬ ਅਕਾਲ ਵੀ. ਚੈਨਲ ਨੇ ਇਸ ਸਮਾਗਮ ਨੂੰ ਕਵਰ ਕਰਨ ਵਿੱਚ ਯੋਗਦਾਨ ਪਇਆ। ਜਿੱਥੇ ਸਾਹਿਤ ਪ੍ਰੇਮੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਓਥੇ ਸੇਖੋਂ ਦੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੋਸਤਾਂ ਵੀ ਇਸ ਮੌਕੇ ਹਾਜ਼ਰੀ ਲਗਵਾਈ। ਐਕਸ ਸਰਵਿਸਮਿਨ ਸੰਸਥਾ ਦੇ ਪ੍ਰਧਾਨ ਬਲਕਾਰ ਸਿੰਘ ਨੇ ਜਸਵੰਤ ਸਿੰਘ ਸੇਖੋਂ ਨੂੰ ਸਿੱਖ ਇਤਿਹਾਸ ਤੇ ਖੋਜ ਭਰਪੂਰ ਲਿਖੀ ਪੁਸਤਕ ਤੇ ਵਧਾਈ ਦਿੱਤੀ। ਸੇਖੋਂ ਪਰਿਵਾਰ ਵੱਲੋਂ ਚਾਹ ਪਾਣੀ ਦੇ ਨਿਰੰਤਰ ਲੰਗਰ ਦੀ ਸੇਵਾ ਨਿਭਾਈ। ਫੋਟੋਗ੍ਰਾਫ਼ੀ ਅਤੇ ਸਾਉਂਡ ਸਿਸਟਮ ਦੀ ਸੇਵਾ ਰਵੀ ਪ੍ਰਕਾਸ਼ ਜਨਾਗਲ ਵੱਲੋਂ ਨਿਭਾਈ ਗਈ।

ਅਖ਼ੀਰ ਤੇ ਇਕਬਾਲ ਖ਼ਾਨ ਨੇ ਐਕਸ ਸਰਵਿਸਮਿਨ ਦੇ ਦਿੱਤੇ ਸਹਿਯੋਗ ਲਈ, ਆਏ ਹੋਏ ਸਾਹਿਤਕਰਾਂ, ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ। ਸੇਖੋਂ ਨੂੰ ਵਧਾਈ ਪੇਸ਼ ਕਰਦਿਆਂ ਕਵੀਸ਼ਰੀ ਸਾਹਿਤ ਵਿੱਚ ਇਸੇ ਤਰ੍ਹਾਂ ਹੋਰ ਵੀ ਵਧੀਆ ਲਿਖਤਾਂ ਦੇਣ ਦੀ ਕਾਮਨਾ ਕੀਤੀ। ਨਾਲ ਹੀ ਜਾਣਕਾਰੀ ਵੀ ਦਿੱਤੀ ਕਿ ਅਗਲੇ ਮਹੀਨੇ ਦੀ ਮੀਟਿੰਗ ਨਵੰਬਰ 9, 2019 ਨੂੰ ਕੋਸੋ ਦੇ ਹਾਲ ਵਿੱਚ ਹੋਵੇਗੀ ਜਿਸ ਵਿੱਚ ਸੇਖੋਂ ਦੇ ਹੀ ਜੋੜੀਦਾਰ ਕਵੀਸ਼ਰ ਸਰੂਪ ਸਿੰਘ ਮੰਡੇਰ ਦੀ ਪੁਸਤਕ ਵੀ ਰੀਲੀਜ਼ ਕੀਤੀ ਜਵੇਗੀ।

ਹੋਰ ਜਾਣਕਾਰੀ ਲਈ 403-590-1403 ਸਤਪਾਲ ਕੌਰ ਬੱਲ ਨੂੰ, 403-681-3132 ਤੇ ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ।

Previous articleCelebrate Dr Baba Saheb Ambedkar as hero of India’s greatest nonviolent revolution after Buddha
Next articlePrince William, Kate meet Imran, Prez Alvi