ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫ਼ਾਲ ਜੈੱਟ ਦੀ ‘ਪੂਜਾ’ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕਰਦਿਆਂ ਰਾਫ਼ਾਲ ਦੇ ਪਹੀਏ ਹੇਠਾਂ ਨਿੰਬੂ ਅਤੇ ਉਪਰ ਨਾਰੀਅਲ ਰੱਖਣ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੋਈ ਜਾਦੂ-ਟੂਣਾ ਨਹੀਂ ਸੀ। ਸੀਤਾਰਾਮਨ ਨੇ ਕਿਹਾ,‘‘ਇਸ ’ਚ ਗਲਤ ਕੀ ਹੈ? ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਜਿਹੇ ਫ਼ੈਸਲੇ ਲੈਣ ਦੀ ਸਾਡੇ ’ਚ ਅੰਦਰੂਨੀ ਤਾਕਤ ਹੋਵੇ ਅਤੇ ਦੇਸ਼ ਨੂੰ ਫਾਇਦਾ ਪਹੁੰਚੇ। ਤੁਸੀਂ ਭਾਵੇਂ ਇਸ ਨੂੰ ਪ੍ਰਵਾਨ ਨਾ ਕਰੋ, ਤੁਸੀਂ ਸੋਚਦੇ ਹੋਵੋਗੇ ਕਿ ਇਹ ਤਾਂ ਵਹਿਮ-ਭਰਮ ਹਨ। ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਹ ਕਰਦੇ ਹਨ, ਇਸ ਦੇਸ਼ ’ਚ ਉਸ ਦਾ ਮਹੱਤਵ ਹੈ।’’ ਉਨ੍ਹਾਂ ਰਾਜਨਾਥ ਸਿੰਘ ਵੱਲੋਂ ਕੀਤੀ ਗਈ ‘ਪੂਜਾ’ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਹਰੇਕ ਭਾਰਤੀ ਅਜਿਹਾ ਢੰਗ ਤਰੀਕਾ ਕਿਸੇ ਨਾ ਕਿਸੇ ਰੂਪ ’ਚ ਜ਼ਰੂਰ ਅਪਣਾਉਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਰੱਖਿਆ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਜਲ ਸੈਨਾ ਦੇ ਸਮੁੰਦਰੀ ਜਹਾਜ਼ਾਂ ਨੂੰ ਆਪਣੇ ਧਰਮ ਦੀਆਂ ਰਵਾਇਤਾਂ ਮੁਤਾਬਕ ਲਾਂਚ ਕੀਤਾ ਸੀ। ‘ਉਸ ਵੇਲੇ ਕਿੰਨੇ ਜਣਿਆਂ ਨੂੰ ਵਹਿਮਾਂ-ਭਰਮਾਂ ਬਾਰੇ ਫਿਕਰ ਹੋਈ ਸੀ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਰਾਣਾ ਭਾਸ਼ਨ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਵਹਿਮਾਂ-ਭਰਮਾਂ ਵਾਲਿਆਂ ਨੂੰ ਭੰਡਦੇ ਨਜ਼ਰ ਆ ਰਹੇ ਹਨ। ਇਸ ਦਾ ਬਚਾਅ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਸ੍ਰੀ ਮੋਦੀ ਵੀ ਸਹੀ ਹਨ ਅਤੇ ਇਸ ਤੋਂ ਪਤਾ ਲਗਦਾ ਹੈ ਕਿ ਸਰਕਾਰ ਨੇ ਵਿਗਿਆਨ ਅਤੇ ਵਿਗਿਆਨਕ ਵਿਕਾਸ ਦਾ ਲੜ ਨਹੀਂ ਛੱਡਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਸੁਧਾਰਾਂ ਪ੍ਰਤੀ ਵਚਨਬੱਧ ਹੈ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਹਾਲੇ ਪੂਰੇ ਕਦਮ ਨਹੀਂ ਉਠਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਆਟੋ ਇੰਡਸਟਰੀ ਮਹਿਸੂਸ ਕਰਦੀ ਹੈ ਕਿ ਮੰਗ ’ਚ ਤੇਜ਼ੀ ਨਹੀਂ ਆਈ ਹੈ ਅਤੇ ਕੁਝ ਹੋਰ ਵਿਸ਼ੇਸ਼ ਕਦਮ ਉਠਾਉਣ ਦੀ ਲੋੜ ਹੈ ਤਾਂ ਉਹ ਸਰਕਾਰ ਨਾਲ ਗੱਲਬਾਤ ਕਰ ਸਕਦੇ ਹਨ। ਕੌਮਾਂਤਰੀ ਮੁਦਰਾ ਫੰਡ ਵੱਲੋਂ ਭਾਰਤ ’ਚ ਮੰਦੀ ’ਤੇ ਫਿਕਰ ਜਤਾਉਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾ ਆਈਐੱਮਐੱਫ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ। ਆਈਆਰਸੀਟੀਸੀ ਦੇ ਆਈਪੀਓ ਨੂੰ ਭਾਰੀ ਹੁੰਗਾਰਾ ਮਿਲਣ ਮਗਰੋਂ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ-ਮੰਡਲ ਵੱਲੋਂ ਹੋਰ ਕੰਪਨੀਆਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪੇ ਜਾਣ ਦੀਆਂ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੇ ਜਾਣ ’ਤੇ ਸਰਕਾਰ ਅਗਾਂਹ ਵਧੇਗੀ।

Previous articleਮੋਦੀ ਤੇ ਸ਼ੀ ਵੱਲੋਂ ਅਤਿਵਾਦ ਦਾ ਮਿਲ ਕੇ ਟਾਕਰਾ ਕਰਨ ਦਾ ਅਹਿਦ
Next articleਪਠਾਨਕੋਟ ਵਿੱਚ ਅਤਿਵਾਦੀ ਹਮਲਾ ਹੋਣ ਦਾ ਖ਼ਦਸ਼ਾ