ਰਾਫੇਲ ਨਾਲ ਲੈਸ ਹੋਇਆ ਭਾਰਤ, ਫਰਾਂਸ ਤੋਂ ਮਿਲਿਆ ਪਹਿਲਾ ਜਹਾਜ਼

ਨਵੀਂ ਦਿੱਲੀ : ਦੁਸਹਿਰੇ ਵਾਲੇ ਦਿਨ ਭਾਰਤ ਨੇ ਦੁਨੀਆ ਦੇ ਸਭ ਤੋਂ ਮਾਰੂ ਲੜਾਕੂ ਜੈੱਟ ਜਹਾਜ਼ ਰਾਫੇਲ ਨੂੰ ਰਸਮੀ ਤੌਰ ‘ਤੇ ਹਾਸਲ ਕਰ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ‘ਚ ਇਕ ਸਮਾਗਮ ‘ਚ ਚਿਰਾਂ ਤੋਂ ਉਡੀਕੇ ਜਾ ਰਹੇ ਜਹਾਜ਼ ਨੂੰ ਪ੍ਰਾਪਤ ਕੀਤਾ।

ਉਨ੍ਹਾਂ ਭਾਰਤ ਨੂੰ ਮਿਲੇ ਪਹਿਲੇ ਰਾਫੇਲ ਦਾ ਵਿਧੀ ਵਿਧਾਨ ਨਾਲ ਸ਼ਸਤਰ ਪੂਜਾ ਕਰ ਕੇ ਭਾਰਤੀ ਹਵਾਈ ਫ਼ੌਜ ਦੀ ਰਣਨੀਤਕ ਤਾਕਤ ‘ਚ ਹੋ ਰਹੇ ਵਾਧੇ ਦਾ ਸ਼ੰਖਨਾਦ ਕੀਤਾ। ਰਾਫੇਲ-ਆਰਬੀ 001 ‘ਚ ਅੱਧੇ ਘੰਟੇ ਦੀ ਉਡਾਣ ਭਰ ਕੇ ਰੱਖਿਆ ਮੰਤਰੀ ਨੇ ਭਾਰਤ ਦੀ ਵਧਦੀ ਫ਼ੌਜੀ ਸ਼ਕਤੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਰਾਫੇਲ ਦਾ ਅਰਥ ਹਿੰਦੀ ਵਿਚ ਹਨੇਰੀ ਹੈ ਅਤੇ ਉਮੀਦ ਹੈ ਕਿ ਇਹ ਜਹਾਜ਼ ਦੁਸ਼ਮਣਾਂ ਵਿਰੁੱਧ ਆਪਣੇ ਨਾਂ ਨੂੰ ਸਹੀ ਸਿੱਧ ਕਰੇਗਾ। ਰਾਫੇਲ ਮਿਲਣ ਦੇ ਨਾਲ ਹੀ ਭਾਰਤ-ਫਰਾਂਸ ਦੇ ਰਣਨੀਤਕ ਰਿਸ਼ਤਿਆਂ ਦੇ ਨਵੇਂ ਦੌਰ ਦੀ ਸ਼ੁਰੂਆਤ ਹੋ ਗਈ ਹੈ।

ਫਰਾਂਸ ਦੇ ਮੈਰੀਨੇਕ ਏਅਰਬੇਸ ‘ਤੇ ਰਾਫੇਲ ਬਣਾਉਣ ਵਾਲੀ ਕੰਪਨੀ ਦਾਸੋ ਤੇ ਫਰਾਂਸੀਸੀ ਰੱਖਿਆ ਮੰਤਰੀ ਦੀ ਮੌਜੂਦਗੀ ਵਿਚ ਮੰਗਲਵਾਰ ਨੂੰ ਹੋਏ ਸਮਾਗਮ ‘ਚ ਰਾਜਨਾਥ ਸਿੰਘ ਨੂੰ ਰਾਫੇਲ ਸੌਂਪਣ ਦੀ ਰਸਮ ਪੂਰੀ ਕੀਤੀ ਗਈ। ਭਾਰਤ ਨੂੰ ਰਾਫੇਲ ਮਿਲਣ ਨਾਲ ਦੱਖਣ ਏਸ਼ੀਆ ‘ਚ ਭਾਰਤ ਦਾ ਦਬਦਬਾ ਵਧੇਗਾ। ਪਾਕਿਸਤਾਨ ਵਰਗੇ ਗੁਆਂਢੀ ਦੇ ਨਾਪਾਕ ਇਰਾਦੇ ਪਸਤ ਹੋਣਗੇ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਰਤੀ ਹਵਾਈ ਫ਼ੌਜ ਲਈ ਇਤਿਹਾਸਕ ਦਿਨ ਹੈ। ਭਾਰਤ ‘ਚ ਅੱਜ ਦੁਸਹਿਰਾ (ਵਿਜੇਦਸ਼ਮੀ) ਯਾਨੀ ਬਦੀ ‘ਤੇ ਨੇਕੀ ਦੀ ਜਿੱਤ ਦਾ ਦਿਨ ਹੈ। ਦੂਜੇ ਪਾਸੇ ਅੱਜ 87ਵਾਂ ਹਵਾਈ ਫ਼ੌਜ ਦਿਵਸ ਵੀ ਹੈ। ਰੱਖਿਆ ਮੰਤਰੀ ਨੇ ਕਿਹਾ, ‘ਸਾਡਾ ਫੋਕਸ ਹਵਾਈ ਫ਼ੌਜ ਦੀ ਸਮਰੱਥਾ ਵਧਾਉਣ ‘ਤੇ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਰਾਫੇਲ ਜਹਾਜ਼ਾਂ ਦੀ ਸਪਲਾਈ ਨਿਸ਼ਚਤ ਕੀਤੀ ਗਈ ਸਮਾਂ ਹੱਦ ਵਿਚ ਮਿਲ ਜਾਵੇਗੀ।

ਰਾਫੇਲ ਹਾਸਲ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਭਾਰਤੀ ਪਰੰਪਰਾ ਤੇ ਵਿਧੀ ਵਿਧਾਨ ਨਾਲ ਸ਼ਸਤਰ ਪੂਜਾ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਨੇ ਜਹਾਜ਼ ਦੇ ਅਗਲੇ ਹਿੱਸੇ ‘ਤੇ ਸੰਧੂਰ ਦਾ ਤਿਲਕ ਲਾਇਆ ਤੇ ਓਮ ਲਿਖਿਆ। ਫੁਲ ਤੇ ਨਾਰੀਅਲ ਵੀ ਰੱਖੇ। ਪੂਜਾ ਵਿਧੀ ਅਨੁਸਾਰ ਜਹਾਜ਼ ਦੇ ਡੈਨੇ ‘ਤੇ ਰਾਜਨਾਥ ਸਿੰਘ ਨੇ ਰੱਖਿਆ ਸੂਤਰ ਬੰਨਿ੍ਹਆ। ਰਾਫੇਲ ਦੀ ਸ਼ਸਤਰ ਪੂਜਾ ਦੌਰਾਨ ਬੁਰੀ ਨਜ਼ਰ ਤੋਂ ਬਚਾਉਣ ਲਈ ਦੋਵਾਂ ਪਹੀਆਂ ਹੇਠਾਂ ਨਿੰਬੂ ਵੀ ਰੱਖੇ ਗਏ। ਪੂਜਾ ਤੋਂ ਬਾਅਦ ਰਾਜਨਾਥ ਸਿੰਘ ਨੇ ਰਾਫੇਲ ‘ਚ ਉਡਾਣ ਵੀ ਭਰੀ।

Previous articleDangerous attempt to polarise the forces in India
Next articleਕਸ਼ਮੀਰ ‘ਚ ਸਾਥੀ ਸਮੇਤ ਮਾਰਿਆ ਗਿਆ ਲਸ਼ਕਰ ਦਾ ਏਰੀਆ ਕਮਾਂਡਰ