(ਸਮਾਜ ਵੀਕਲੀ)
ਸੋਚ ਨੂੰ ਸਲਾਮ ਐ ਯਾਰੋ,ਸੋਚ ਨੂੰ ਸਲਾਮ ਜੀ ।
ਜੋ ਬੋਲਦੇ ਤੇ ਲਿਖਦੇ ਨੇ ਹਰ ਸੱਚ ਸ਼ਰੇਆਮ ਜੀ ।
ਹੁੰਦੈ ਕਲਮਾਂ ਦਾ ਈਮਾਨ ਲੋਕ-ਮੁੱਦਿਆਂ ਨੂੰ ਛੇੜਨਾ,
ਤੇ ਚਾਨਣਾ ਦੇ ਛੱਟਿਆਂ ਨੂੰ ਲੈ ਕੇ ਥਾਂ ਥਾਂ ਬਖੇਰਨਾ,
ਚਾਪਲੂਸੀ ਲੇਖਣੀ ਤਾਂ ਰਹਿੰਦੀ ਸਦਾ ਬਦਨਾਮ ਜੀ…
ਕੈਸੀ ਰਾਜਨੀਤੀ ਹੋਵੇ,ਕੋਈ ਉੱਠੇ ਨਾ ਵਿਰੋਧੀ ਬਈ,
ਆਮ ਲੋਕਾਂ ਨੂੰ ਨਾ ਲੱਗਜੇ ਹੱਕਾਂ ਬਾਰੇ ਸੋਝੀ ਬਈ,
ਜਿਹੜੀ ਜਾਗ ਪਵੇ ਕਲਮ,ਫਿਰ ਹੁੰਦੀ ਨਾ ਗੁਲਾਮ ਜੀ…
ਭੰਨਦੇ ਨਾਂਹੀਂ ਨੁੱਕੇ,ਨਾ ਉਹ ਮਾਰਦੇ ਜ਼ਾਮੀਰਾਂ ਨੂੰ,
ਸਮਾਜ ਨੂੰ ਦਿਖਾਈ ਜਾਂਦੇ ਅਸਲੀ ਤਸਵੀਰਾਂ ਨੂੰ,
ਇਰਾਦਿਆਂ ਦੇ ਚੰਡੇ ਹੁੰਦੇ,ਕਦੇ ਹੋਣ ਨਾ ਨਾਕਾਮ ਜੀ…
ਸਟੇਟ ਦਾ ਜ਼ਬਰ ਸਦਾ ਸਹਿੰਦੀਆਂ ਨੇ ਕਲਮਾਂ,
ਨਜ਼ਰਬੰਦੀ ਘੇਰੇ ਵੀ ਤਾਂ ਰਹਿੰਦੀਆਂ ਨੇ ਕਲਮਾਂ,
ਮੱਥਿਆਂ ਤੇ ਵਾਹ ਲਏ ਜਿੰਨ੍ਹਾਂ ਜਜਬਾਤਾਂ ਦੇ ਪੈਗਾਮ ਜੀ…
ਕਲਮਾਂ ਦੇ ਸਫ਼ਰ ਤਾਂ ਕਦੇ ਰੁਕਣੇ ਨਹੀਂ ਵਧਣੋ,
ਦੁਨੀਆਂ ਵਿੱਚ ਜੁਗਨੂੰ ਵੀ ਹਟਣੇ ਨਹੀਂ ਜਗਣੋ,
ਵਕਤਾਂ ਦੀ ਤੋਰ ਕਦੇ ਵੀ ਹੋਣੀ ਨਾ ਹੀਂ ਜਾਮ ਜੀ…
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly