ਦੇਸ਼ ’ਚ ਹਜੂਮੀ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਤ ਲਿਖਣ ਵਾਲੀਆਂ 50 ਦੇ ਕਰੀਬ ਹਸਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਜੋ ਵੀ ਪ੍ਰਧਾਨ ਮੰਤਰੀ ਖ਼ਿਲਾਫ਼ ਕੁਝ ਬੋਲੇਗਾ, ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਗੁੱਝੀ ਨਹੀਂ ਰਹੀ ਕਿ ਦੇਸ਼ ‘ਧੱਕੜ ਨਿਜ਼ਾਮ’ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਵਾਸੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇਸ਼ ਦੀ ਆਰਥਿਕਤਾ ਕਿਉਂ ਤਬਾਹ ਕੀਤੀ ਤੇ ਕਿਉਂ ਇੰਨੇ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਪੈਦਾ ਕੀਤੀ। ਸ੍ਰੀ ਗਾਂਧੀ ਇੱਥੇ ਆਪਣੇ ਹਲਕੇ ’ਚ ਉਨ੍ਹਾਂ ਪੰਜ ਨੌਜਵਾਨਾਂ ਨੂੰ ਮਿਲ ਕੇ ਹਮਾਇਤ ਦੇਣ ਆਏ ਹੋਏ ਸਨ ਜੋ ਗੁਆਂਢੀ ਸੂਬੇ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ’ਚ ਵਾਹਨਾਂ ਦੀ ਆਵਾਜਾਈ ’ਤੇ ਲਗਾਈ ਗਈ ਪਾਬੰਦੀ ਖ਼ਿਲਾਫ਼ ਦਸ ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਸ੍ਰੀ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ 15 ਲੋਕਾਂ ਨੂੰ 125 ਹਜ਼ਾਰ ਕਰੋੜ ਰੁਪਏ ਦੇ ਟੈਕਸ ਲਾਭ ਦੇ ਸਕਦੀ ਹੈ ਪਰ ਗਰੀਬਾਂ ਨੂੰ ਕੁਝ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਜਵਾਬ ਦੇਣਾ ਚਾਹੀਦਾ ਹੈ।
HOME ਮੋਦੀ ਖ਼ਿਲਾਫ਼ ਜੋ ਬੋਲੇਗਾ, ਜੇਲ੍ਹ ਜਾਵੇਗਾ: ਰਾਹੁਲ