ਪਹਿਲਾ ਟੈਸਟ: ਐਲਗਰ ਤੇ ਡੀਕੌਕ ਦੇ ਸੈਂਕੜੇ; ਦੱਖਣੀ ਅਫਰੀਕਾ ਦੀ ਵਾਪਸੀ

ਡੀਨ ਐਲਗਰ ਅਤੇ ਕੁਇੰਟਨ ਡੀਕੌਕ ਨੇ ਭਾਰਤੀ ਗੇਂਦਬਾਜ਼ਾਂ ਦਾ ਡੱਟ ਕੇ ਸਾਹਮਣਾ ਕਰਦਿਆਂ ਦੱਖਣੀ ਅਫਰੀਕਾ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਚੰਗੀ ਵਾਪਸੀ ਦਿਵਾਈ। ਐਲਗਰ ਨੇ 160 ਦੌੜਾਂ ਦੀ ਲਾਜਵਾਬ ਪਾਰੀ ਖੇਡੀ ਅਤੇ ਉਹ 2010 ਮਗਰੋਂ ਭਾਰਤੀ ਧਰਤੀ ’ਤੇ ਸੈਂਕੜਾ ਮਾਰਨ ਵਾਲਾ ਪਹਿਲਾ ਦੱਖਣੀ ਅਫਰੀਕੀ ਬੱਲੇਬਾਜ਼ ਬਣਿਆ, ਜਦਕਿ ਡੀਕੌਕ (111 ਦੌੜਾਂ) ਨੇ ਆਪਣੇ ਸਦਾਬਹਾਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰਕੇ ਸੈਂਕੜਾ ਜੜਿਆ।
ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਤੀਜੇ ਦਿਨ ਦਾ ਸਟੰਪ ਉੱਠਣ ਤੱਕ ਅੱਠ ਵਿਕਟਾਂ ਗੁਆ ਕੇ 385 ਦੌੜਾਂ ਬਣਾ ਲਈਆਂ। ਦੱਖਣੀ ਅਫਰੀਕਾ ਹਾਲੇ ਭਾਰਤ ਤੋਂ 117 ਦੌੜਾਂ ਪਿੱਛੇ ਹੈ, ਜਿਸ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ’ਤੇ 502 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ।
ਭਾਰਤੀ ਪਾਰੀ ਦੇ ਖਿੱਚ ਦਾ ਕੇਂਦਰ ਮਯੰਕ ਅਗਰਵਾਲ (215 ਦੌੜਾਂ) ਅਤੇ ਰੋਹਿਤ ਸ਼ਰਮਾ (176 ਦੌੜਾਂ) ਦੀ ਸਲਾਮੀ ਜੋੜੀ ਦੇ ਵੱਡੇ ਸੈਂਕੜੇ ਰਹੇ। ਭਾਰਤ ਨੂੰ ਪਹਿਲੇ ਦੋ ਸੈਸ਼ਨ ਵਿੱਚ ਸਿਰਫ਼ ਦੋ ਸਫਲਤਾਵਾਂ ਮਿਲੀਆਂ, ਪਰ ਤੀਜੇ ਸੈਸ਼ਨ ਵਿੱਚ ਉਹ ਐਲਗਰ ਅਤੇ ਡੀਕੌਕ ਆਊਟ ਕਰਨ ਵਿੱਚ ਸਫਲ ਰਿਹਾ। ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ ਹੁਣ ਤੱਕ 128 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਦੱਖਣੀ ਅਫ਼ਰੀਕਾ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ ’ਤੇ 39 ਦੌੜਾਂ ਨਾਲ ਕੀਤੀ। ਉਸ ਸਮੇਂ ਮੈਚ ਇਕਪਾਸੜ ਲੱਗ ਰਿਹਾ ਸੀ, ਪਰ ਇਸ ਮਗਰੋਂ ਐਲਗਰ ਨੇ ਟੀਮ ਨੂੰ ਪੂਰੀ ਤਰ੍ਹਾਂ ਸੰਭਾਲਿਆ। ਐਲਗਰ ਅਤੇ ਕਪਤਾਨ ਫਾਫ ਡੂਪਲੇਸਿਸ (55 ਦੌੜਾਂ) ਨੇ ਪੰਜਵੀਂ ਵਿਕਟ ਲਈ 115 ਦੌੜਾਂ ਦੀ ਭਾਈਵਾਲੀ ਕੀਤੀ। ਇਸ ਮਗਰੋਂ ਡੀਕੌਕ ਨੇ ਉਸ ਦਾ ਪੂਰਾ ਸਾਥ ਦਿੱਤਾ। ਇਨ੍ਹਾਂ ਦੋਵਾਂ ਨੇ ਛੇਵੀਂ ਵਿਕਟ ਲਈ 164 ਦੌੜਾਂ ਜੋੜੀਆਂ।
ਅਸ਼ਵਿਨ ਨੇ ਦੂਜੇ ਸੈਸ਼ਨ ਵਿੱਚ ਡੂਪਲੇਸਿਸ ਨੂੰ ਆਊਟ ਕਰਨ ਮਗਰੋ ਡੀਕੌਕ ਦੀ ਵਿਕਟ ਦੀਆਂ ਗੁੱਲੀਆਂ ਉਡਾਈਆਂ। ਇਸ ਤੋਂ ਪਹਿਲਾਂ ਰਵਿੰਦਰ ਜਡੇਜਾ (116 ਦੌੜਾਂ ਦੇ ਕੇ ਦੋ ਵਿਕਟਾਂ) ਨੇ ਐਲਗਰ ਦੀ ਵਿਕਟ ਲੈ ਕੇ ਟੈਸਟ ਮੈਚਾਂ ਵਿੱਚ ਆਪਣੀ 200ਵੀਂ ਵਿਕਟ ਲਈ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਦਸਵਾਂ ਭਾਰਤੀ ਗੇਂਦਬਾਜ਼ ਹੈ। ਪਿੱਚ ਬੱਲੇਬਾਜ਼ਾਂ ਲਈ ਲਾਹੇਵੰਦ ਸੀ ਅਤੇ ਦੱਖਣੀ ਅਫਰੀਕਾ ਨੇ ਸ਼ਾਨਦਾਰ ਵਾਪਸੀ ਕੀਤੀ, ਕਿਉਂਕਿ ਦੂਜੇ ਦਿਨ ਉਸ ਨੇ ਆਪਣੇ ਸੀਨੀਅਰ ਕ੍ਰਮ ਦੇ ਤਿੰਨ ਬੱਲੇਬਾਜ਼ ਛੇਤੀ ਹੀ ਗੁਆ ਲਏ ਸਨ। ਸਟੰਪ ਤੱਕ ਮਹਿਮਾਨ ਟੀਮ ਦੇ ਸੇਨੂਰਨ ਮੁਤੂਸਾਮੀ 12 ਦੌੜਾਂ ਅਤੇ ਕੇਸ਼ਵ ਮਹਾਰਾਜ ਤਿੰਨ ਦੌੜਾਂ ਬਣਾ ਕੇ ਖੇਡ ਰਹੇ ਹਨ।

Previous articleਪੀਐੱਮਸੀ ਘੁਟਾਲਾ: ਬੈਂਕ ਦਾ ਸਾਬਕਾ ਮੈਨੇਜਿੰਗ ਡਾਇਰੈਕਟਰ ਗ੍ਰਿਫ਼ਤਾਰ
Next articleਵਿਸ਼ਵ ਅਥਲੈਟਿਕਸ: ਤੇਜਿੰਦਰਪਾਲ ਤੂਰ ਅਤੇ ਜੌਨਸਨ ਚੈਂਪੀਅਨਸ਼ਿਪ ’ਚੋਂ ਬਾਹਰ