ਮਨਮੋਹਨ ਸਿੰਘ ਕਰਤਾਰਪੁਰ ਜਾਣ ਵਾਲੇ ਪਹਿਲੇ ਸਰਬ ਪਾਰਟੀ ਜਥੇ ’ਚ ਸ਼ਾਮਲ ਹੋਣਗੇ

ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵਲੋਂ ਕੈਪਟਨ ਦਾ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ

* ਲਾਂਘਾ ਖੁੱਲ੍ਹਣ ਸਬੰਧੀ ਪਾਕਿ ਤੋਂ ਪ੍ਰੋਗਰਾਮ ਹਾਸਲ ਹੋਣ ਬਾਅਦ ਡੇਰਾ ਬਾਬਾ ਨਾਨਕ ਵਿਚਲੇ ਸਮਾਗਮ ਦੀ ਰੂਪ ਰੇਖਾ ਹੋਵੇਗੀ ਤੈਅ
* ਕਰਤਾਰਪੁਰ ਲਈ ਪਹਿਲਾ ਜਥਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਾਵੇਗਾ
* ਮਨਮੋਹਨ ਸਿੰਘ ਦੀ ਪਾਕਿ ਦੇ ਸੱਦੇ ’ਤੇ ਜਾਣ ਦੀ ਨਹੀਂ ਕੋਈ ਯੋਜਨਾ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਤਿਹਾਸਕ ਦਿਹਾੜੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ। ਵੱਖੋ-ਵੱਖਰੀਆਂ ਮਿਲਣੀਆਂ ਵਿੱਚ ਮੁੱਖ ਮੰਤਰੀ ਨੇ ਦੋਵਾਂ ਸਖਸ਼ੀਅਤਾਂ ਨੂੰ ਸੱਦਾ ਪੱਤਰ ਸੌਂਪਦਿਆਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਹੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਵਿੱਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਇਸ ਦੌਰਾਨ ਹੀ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਸਮਾਗਮ ਲਈ ਪਾਕਿਸਤਾਨ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਪਾਕਿਸਤਾਨ ਨਹੀਂ ਜਾਣਗੇ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰਲੇ ਅਤਿਵਾਦ ਨੂੰ ਨਹੀਂ ਰੋਕਦਾ। ਉਨ੍ਹਾਂ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹੋਣ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਦਾ ਸੱਦਾ ਪ੍ਰਵਾਨ ਕਰ ਲਿਆ ਹੈ, ਬਾਰੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਯੋਜਨਾ ਹੈ।ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਇਤਿਹਾਸਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਸੱਦਾ ਪੱਤਰ ਸਵੀਕਾਰ ਕਰ ਲਏ ਹਨ ਅਤੇ ਉਨ੍ਹਾਂ ਦੇ ਦੌਰੇ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਪਾਕਿਸਤਾਨ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਉਦਘਾਟਨੀ ਪ੍ਰੋਗਰਾਮ ਨੂੰ ਤੈਅ ਕਰਨ ਤੋਂ ਬਾਅਦ ਦਿੱਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਸਮਾਗਮਾਂ ਦੀ ਰੂਪ ਰੇਖਾ ਵੀ ਵੇਰਵੇ ਸਹਿਤ ਸਾਂਝੀ ਕੀਤੀ ਗਈ ਅਤੇ ਅਪੀਲ ਕੀਤੀ ਕਿ ਉਹ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੋਵਾਂ ਨੂੰ ਬੇਨਤੀ ਕੀਤੀ ਕਿ ਉਹ ਵਿਸ਼ੇਸ਼ ਤੌਰ ’ਤੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਉਦਘਾਟਨੀ ਸਮਾਗਮ ਅਤੇ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣ। ਮੁੱਖ ਮੰਤਰੀ ਨੇ ਅੱਜ ਇੱਥੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪਹਿਲੇ ਸਰਵ ਪਾਰਟੀ ਜੱਥੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਇਹ ਜਥਾ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 9 ਨਵੰਬਰ ਨੂੰ ਜਾਣਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰ ਲਈ ਹੈ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਬੇਨਤੀ ਕੀਤੀ ਕਿ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਹਾੜੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਜਾਣ ਵਾਲੇ ਵਿਸ਼ੇਸ਼ ਸਰਵ ਪਾਰਟੀ ਜੱਥੇ ਨੂੰ ਰਾਜਸੀ ਮਨਜ਼ੂਰੀ ਦਿਵਾਉਣ ਲਈ ਨਿੱਜੀ ਤੌਰ ’ਤੇ ਦਖਲ ਦੇਣ। ਉਨ੍ਹਾਂ ਬੇਨਤੀ ਕੀਤੀ ਕਿ 30 ਅਕਤੂਬਰ ਤੋਂ 3 ਨਵੰਬਰ 2019 ਤੱਕ 21 ਵਿਅਕਤੀਆਂ ਦੇ ਜੱਥੇ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਅਤੇ ਸ੍ਰੀ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਵਾਇਆ ਅੰਮਿ੍ਤਸਰ (ਵਾਹਗਾ) ਨਗਰ ਕੀਰਤਨ ਲਿਜਾਣ ਦੀ ਆਗਿਆ ਦਿੱਤੀ ਜਾਵੇ। ਨਗਰ ਕੀਰਤਨ 4 ਨਵੰਬਰ ਨੂੰ ਸੁਲਤਾਨਪੁਰ ਲੋਧੀ ਪੁੱਜੇਗਾ। ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨੂੰ ਵੀ ਅਰਧ ਸਰਕਾਰੀ ਪੱਤਰ ਲਿਖਦਿਆਂ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਰਸਮੀ ਤੌਰ ’ਤੇ ਪ੍ਰਵਾਨਗੀ ਦਿਵਾਉਣ ਦੀ ਮੰਗ ਕੀਤੀ ਅਤੇ ਨਗਰ ਕੀਰਤਨ ਨੂੰ ਪਾਕਿਸਤਾਨ ਤੋਂ ਪੰਜਾਬ ਲਿਆਉਣ ਦੀ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ।

Previous articleRussia ships second steam generator for Kudankulam Unit-4
Next articleਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਦਿੱਲੀ ’ਚ ਹਾਈ ਅਲਰਟ