ਰਾਮ ਬਾਗ਼ ਬਾਰੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਰਮਿਆਨ ਹੋਏ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ

File photo - ਰਾਮ ਬਾਗ਼, ਸਮਰ ਪੈਲੇਸ ਦੀ ਬਾਹਰੀ ਕੰਧ ਦੀ ਮੁਰੰਮਤ ਲਈ ਲੱਗੀਆਂ ਲੋਹੇ ਦੀਆਂ ਪਾਈਪਾਂ।
ਡਾ. ਚਰਨਜੀਤ ਸਿੰਘ ਗੁਮਟਾਲਾ

            ਅੰਮ੍ਰਿਤਸਰ : ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ(ਰਜਿ.) ਨੇ ਇਤਿਹਾਸਕ ਰਾਮ ਬਾਗ ਵਿੱਚੋਂ ਨਜਾਇਜ਼ ਉਸਾਰੀਆਂ ਢਾਹ ਕੇ ਇਸ ਨੂੰ ਮੁੜ ਮਹਾਰਾਜਾ ਰਣਜੀਤ ਸਿੰਘ ਸਮੇਂ ਦਾ ਰੂਪ ਦੇਣ ਦੀ ਮੰਗ ਕੀਤੀ ਹੈ। ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ , ਸਥਾਨਕ ਸਰਕਾਰ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਮੇਅਰ ਸ. ਕਰਮਜੀਤ ਸਿੰਘ ਰਿੰਟੂ ਤੇ  ਡਿਪਟੀ ਕਮਿਸ਼ਨਰ ਸ.ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਭੇਜੀ ਇੱਕ ਈ-ਮੇਲ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ 4 ਦਸੰਬਰ 2018 ਨੂੰ ਭਾਰਤ ਦੇ ਰਾਸ਼ਟਰਪਤੀ ਦੇ ਤਰਫ਼ੋਂ ਭਾਰਤੀ ਪੁਰਾਤਿਤਵ ਵਿਭਾਗ ਦੇ ਚੰਡੀਗੜ੍ਹ ਸਰਕਲ ਦੇ ਸੁਪਰਡੈਂਟ ਤੇ ਪੰਜਾਬ ਸਰਕਾਰ ਦੇ ਗਵਰਨਰ ਦੀ ਤਰਫ਼ੋਂ ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਉਸ ਸਮੇਂ ਦੀ  ਕਮਿਸ਼ਨਰ ਸ੍ਰੀ ਮਤੀ ਸੁਨਾਲੀ ਗਿਰੀ ਵੱਲੋਂ ਇੱਕ ਸਮਝੌਤਾ ਹੋਇਆ ਸੀ। ਇਸ ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਇਹ ਬਾਗ਼ ਚਾਰ ਬਾਗ਼ ਦੇ ਪੈਟਰਨ ‘ਤੇ ਬਣਾਇਆ ਗਿਆ ਹੈ, ਜਿਸ ਵਿੱਚ ਕਈ ਉਸਾਰੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਬਾਗ਼ ਦੇ ਮੂਲ ਨਾਲ ਮੇਲ ਨਹੀਂ ਖਾਂਦੀਆਂ ਤੇ ਇਸ ਦੀ ਪੁਰਾਤਨਤਾ ਨੂੰ ਢਾਹ ਲਾਉਂਦੀਆਂ ਹਨ, ਜਿਨ੍ਹਾਂ ਨੂੰ ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੇ ਭਾਰਤੀ ਪੁਰਾਤਿਤਵ ਵਿਭਾਗ ਨੇ  ਇਮਾਨਦਾਰੀ ਅਤੇ ਸਾਰੇ ਸਾਧਨਾਂ ਰਾਹੀਂ ਇਨ੍ਹਾਂ ਨੂੰ ਇੱਥੋਂ ਹਟਾਉਂਣਾ ਹੈ ਤਾਂ ਜੋ ਇਸ ਦੀ ਪੁਰਾਣੀ ਦਿਖ ਬਹਾਲ ਹੋ ਸਕੇ। ਜਿਹੜੀਆਂ ਇਮਾਰਤਾਂ ਨੂੰ ਹਟਾਉਂਣਾ ਹੈ, ਉਨ੍ਹਾਂ ਵਿੱਚ ਨਗਰ ਨਿਗਮ ਦਾ ਐਸ.ਡੀ.ਓ. ਦਫ਼ਤਰ, ਖਾਣ ਪੀਣ ਵਾਲਾ ਖੋਖਾ, ਲਾਅਨ ਟੈਨਿਸ ਤੇ ਸਕੇਟਿੰਗ ਰਿੰਕ ਆਦਿ ਸ਼ਾਮਲ ਹਨ।

ਇਸ ਸਮਝੌਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੌਮੀ ਸਮਾਰਕ ਘੋਸ਼ਿਤ ਕਰਨ ਦੇ ਬਾਵਜੂਦ ਵੀ ਤਿੰਨੇ ਕਲੱਬਾਂ ਅੰਮ੍ਰਿਤਸਰ ਕਲਬ, ਲਮਸਡਨ ਕਲਬ ਤੇ ਸਰਵਿਸ ਕਲਬ ਵੱਲੋਂ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਹਟਾਇਆ ਜਾਵੇਗਾ।ਬਾਗ਼ ਅੰਦਰ ਸ਼ਰਾਬ ਦੀ ਵਰਤੋਂ ਕਰਨ ਅਤੇ ਹੋਰ ਵਪਾਰਕ ਕੰਮ ਕਰਨ  ਦੀ ਮਨਾਹੀ ਕੀਤੀ ਗਈ ਹੈ। ਸਮਝੋਤੇ ਨੂੰ ਹੋਇਆਂ 20 ਮਹੀਨੇ ਹੋ ਚੁੱਕੇ ਹਨ, ਨਾ ਤਾਂ ਕਲਬਾਂ ਦੀਆਂ ਨਜਾਇਜ਼ ਉਸਾਰੀਆਂ ਢਾਹੀਆਂ ਗਈਆਂ ਹਨ ਤੇ ਨਾ ਹੀ ਐਸ.ਡੀ.ਓ. ਦਫ਼ਤਰ, ਲਾਅਨ ਟੈਨਿਸ, ਸਕੇਟਿੰਗ ਰਿੰਗ ਆਦਿ ਢਾਹੀਆਂ ਗਈਆਂ ਹਨ ਅਤੇ ਨਾ ਹੀ ਸ਼ਰਾਬ ਦੀ ਵਰਤੋਂ ਬੰਦ ਹੋਈ ਹੈ । ਇਨ੍ਹਾਂ ਸਾਰੇ ਕੰਮਾਂ ਦੀ ਜੁੰਮੇਵਾਰੀ  ਨਗਰ ਨਿਗਮ ਦੀ ਹੈ   ਪਰ  ਨਗਰ ਨਿਗਮ ਅਜੇ ਤੀਕ ਇਨ੍ਹਾਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋਇਆ।

ਜਿੱਥੋਂ ਤੀਕ ਕਲੱਬਾਂ ਦੀ ਲੀਜ਼ ਦਾ ਸਬੰਧ ਹੈ, ਇਸ ਬਾਰੇ ਕਿਹਾ ਗਿਆ ਹੈ ਕਿ ਜੇ ਕਲੱਬਾਂ ਵਾਲੇ ਨਜਾਇਜ਼ ਉਸਾਰੀਆਂ  ਢਾਹ ਦੇਂਦੇ ਹਨ ਤੇ  ਸ਼ਰਾਬ ਦੀ ਵਰਤੋਂ ਨਹੀਂ ਕਰਦੇ ਤਾਂ  ਇਨ੍ਹਾਂ ਦੀ ਲੀਜ਼ ਵੱਧ ਤੋਂ ਵੱਧ  ਪੰਜ ਸਾਲ ਵਧਾਈ ਜਾਵੇਗੀ। ਇਸ ਸਮੇਂ ਦੌਰਾਨ ਨਗਰ ਨਿਗਮ ਕਲੱਬਾਂ ਨੂੰ ਪੜਾਅਵਾਰ ਇੱਥੋਂ ਕਿਸੇ ਹੋਰ ਢੁਕਵੀਂ ਜਗਾਹ ਜਿੱਥੇ ਉਹ ਠੀਕ ਸਮਝੇ ਤਬਦੀਲ ਕਰੇਗਾ ਤੇ ਸਮੁਚੇ ਸਮਾਰਕ ਦਾ ਕਬਜਾ ਚੰਗੇ ਪ੍ਰਬੰਧ ਲਈ ਪੁਰਾਤਿਤਵ ਵਿਭਾਗ ਨੂੰ ਦੇ ਦੇਵੇਗਾ। ਸਮਝੌਤੇ ਵਿਚ ਬਾਗ਼ ਅੰਦਰ ਚਾਰ ਪਹੀਆ ਗੱਡੀਆਂ ਤੇ ਭਾਰੀ ਗੱਡੀਆਂ ਦੇ ਦਾਖ਼ਲੇ ਦੀ ਮਨਾਹੀ ਕੀਤੀ ਗਈ ਹੈ, ਜਿਸ ਦੀ ਵੀ ਪਾਲਣਾ ਨਹੀਂ ਹੋ ਰਹੀ।

 

Previous articleਧੰਮ-ਚੱਕਰ ਪਰਿਵਰਤਨ ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਚ
Next articleभाजपा-आरएसएस का सारा कच्छा चिट्ठा संयुक्त राष्ट्र को सुपुर्द किया