ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ

ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਦਫਤਰਾਂ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਸਮੂਹਿਕ ਛੁੱਟੀਆਂ ਲੈ ਕੇ ਦਫਤਰੀ ਕੰਮਕਾਜ ਠੱਪ ਕੀਤਾ ਅਤੇ ਪੂਰੇ ਸ਼ਹਿਰ ਵਿਚ ਰੋਸ ਮਾਰਚ ਕਰਕੇ ਕੈਪਟਨ ਸਰਕਾਰ ਦੀਆਂ ‘ਵਾਅਦਾਖ਼ਿਲਾਫ਼ੀਆਂ’ ਦੇ ਖੁਲਾਸੇ ਕੀਤੇ। ਪੰਜਾਬ ਸਕੱਤਰੇਤ ਤੇ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਮੁੱਖ ਦਫਤਰਾਂ ਦੇ ਮੁਲਾਜ਼ਮਾਂ ਨੇ ਸਵੇਰੇ 9 ਵਜੇ ਹੀ ਦਫਤਰੀ ਕੰਮ ਠੱਪ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਸੱਦੇ ’ਤੇ ਹਰੇਕ ਵਿਭਾਗ ਦੇ ਮੁਲਾਜ਼ਮਾਂ ਨੇ ਪਹਿਲਾਂ ਸਵੇਰੇ ਆਪੋ-ਆਪਣੇ ਵਿਭਾਗਾਂ ਦੇ ਦਫਤਰਾਂ ਮੂਹਰੇ ਰੋਸ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ। ਇਸ ਤੋਂ ਬਾਅਦ ਮੁਲਾਜ਼ਮ ਸੜਕਾਂ ’ਤੇ ਉਤਰ ਆਏ ਤੇ ਵਾਹਨਾਂ ’ਚ ਸਵਾਰ ਹੋ ਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਰੈਲੀਆਂ ਕੀਤੀਆਂ।
ਪੰਜਾਬ ਸਕੱਤਰੇਤ ਦੇ ਮੁਲਾਜ਼ਮ ਜਿਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵਾਲੀ ਸੜਕ ’ਤੇ ਪੁੱਜੇ ਤਾਂ ਪਹਿਲਾਂ ਹੀ ਡੀਐੱਸਪੀ ਰਾਮ ਗੋਪਾਲ ਦੀ ਅਗਵਾਈ ਹੇਠ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਕਾਰਨ ਉਥੇ ਲੰਮਾ ਸਮਾਂ ਪੁਲੀਸ ਤੇ ਮੁਲਾਜ਼ਮਾਂ ਵਿਚਕਾਰ ਗਰਮਾਗਰਮੀ ਹੁੰਦੀ ਰਹੀ। ਇਸ ਦੌਰਾਨ ਮੁਲਾਜ਼ਮ ਰੋਹ ਵਿਚ ਆ ਗਏ ਅਤੇ ਉਥੋਂ ਅੱਗੇ ਨਿਕਲਣ ਵਿਚ ਕਾਮਯਾਬ ਹੋ ਗਏ। ਪੁਲੀਸ ਨੇ ਹੋਰ ਵੀ ਕਈ ਸੈਕਟਰਾਂ ਵਿਚ ਨਾਕੇ ਲਗਾ ਕੇ ਮੁਲਾਜ਼ਮਾਂ ਦੇ ਰੋਸ ਮਾਰਚ ਨੂੰ ਰੋਕਣ ਦਾ ਯਤਨ ਕੀਤਾ ਪਰ ਮੁਲਾਜ਼ਮ ਆਪ-ਮੂਹਾਰੇ ਸੜਕਾਂ ’ਤੇ ਨਿਕਲ ਆਏ।
ਮੁਲਾਜ਼ਮ ਮੰਚ ਦੇ ਆਗੂਆਂ ਗੁਰਮੇਲ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਗਰਚਾ, ਜਗਦੇਵ ਕੌਲ, ਭਗਵੰਤ ਬਦੇਸ਼ਾ, ਦਲਜੀਤ ਸਿੰਘ, ਜਸਬੀਰ ਕੌਰ, ਰਾਜੇਸ਼ ਰਾਣੀ, ਚਰਨਜੀਤ ਕੌਰ, ਜਸਬੀਰ ਸਿੰਘ, ਲਾਭ ਸਿੰਘ ਸੈਣੀ, ਅਮਰਜੀਤ ਸਿੰਘ, ਗੁਰਮੇਲ ਸਿੰਘ ਮੌਜੇਵਾਲ, ਅਮਰਜੀਤ ਸਿੰਘ ਵਾਲੀਆ, ਕਰਮ ਸਿੰਘ ਧਨੋਆ, ਦਰਸ਼ਨ ਸਿੰਘ ਪਤਲੀ, ਜਗਦੀਸ਼ ਸਿੰਘ ਸਰਾਓ ਤੇ ਅਮਿਤ ਕਟੋਚ ਦੀ ਅਗਵਾਈ ਹੇਠ ਰੋਸ ਮਾਰਚ ਕਈ ਸੈਕਟਰਾਂ ਵਿਚੋਂ ਨਿਕਲਿਆ ਅਤੇ ਕਈ ਥਾਵਾਂ ’ਤੇ ਆਵਾਜਾਈ ’ਚ ਵਿਘਨ ਪਿਆ।
ਪੰਜਾਬ ਸਕੱਤਰੇਤ ਦੇ ਮੁਲਾਜ਼ਮ ਜਦੋਂ ਸੈਕਟਰ 18 ਸਥਿਤ ਸਿੰਜਾਈ ਭਵਨ ਪਹੁੰਚੇ ਤੋਂ ਮੁਲਾਜ਼ਮਾਂ ਦਾ ਹੜ੍ਹ ਆ ਗਿਆ ਕਿਉਂਕਿ ਇਥੇ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਰੋਸ ਮਾਰਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੋਈ ਸੀ। ਇਸੇ ਤਰਾਂ ਸੈਕਟਰ 33, 34, 35, 36 ਅਤੇ ਸੈਕਟਰ 17 ਵਿਚ ਰੋਸ ਮਾਰਚ ਕੱਢੇ ਗਏ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਉਨ੍ਹਾਂ ਲਈ ਹੁਣ ਤਕ ਦੀ ਸਭ ਤੋਂ ਵੱਧ ਜ਼ਾਲਮ ਸਰਕਾਰ ਸਾਬਤ ਹੋਈ ਹੈ। ਰੋਸ ਮਾਰਚ ਸੈਕਟਰ-17 ਵਿਚ ਪੁੱਜਣ ’ਤੇ ਮੁਲਾਜ਼ਮਾਂ ਨੇ ਖਜ਼ਾਨਾ ਦਫਤਰ ਦੀ ਮੂਹਰਲੀ ਸੜਕ ’ਤੇ ਧਰਨਾ ਮਾਰਕੇ ਜਾਮ ਲਗਾ ਦਿੱਤਾ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਮੰਗਾਂ ਮੰਨਣ ਦੀ ਥਾਂ ਪਹਿਲਾਂ ਮਿਲਦੀ ਡੀਏ ਦੀ ਸਹੂਲਤ ਵੀ ਅਸਿੱਧੇ ਢੰਗ ਨਾਲ ਖੋਹ ਲਈ ਹੈ ਅਤੇ ਤਨਖਾਹ ਕਮਿਸ਼ਨ ਵੀ ਖੂਹਖਾਤੇ ਪਾ ਦਿੱਤਾ ਹੈ।

Previous article‘ਤਮਾਸ਼ਿਆਂ’ ਵਿੱਚ ਰੁੱਝੀ ਸਰਕਾਰ: ਯੇਚੁਰੀ
Next articleਭਾਰਤੀ ਕ੍ਰਿਕਟ ਬੋਰਡ ਚੋਣਾਂ: ਸੂਬਾਈ ਪ੍ਰਤੀਨਿਧਾਂ ਦੀ ਨਾਮਜ਼ਦਗੀ ਦੀ ਸਮਾਂ ਸੀਮਾ 4 ਤੱਕ