ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਜਿਸ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ। ਮੁੱਖ ਮੰਤਰੀ ਵਲੋਂ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਮਗਰੋਂ ਪਾਰਟੀ ਦੇ ਅੰਦਰ ਤੇ ਬਾਹਰ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬਾਦਲਾਂ ਨੂੰ ਬੇਅਦਬੀ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਸਬੰਧੀ ਕਲੀਨ ਚਿੱਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਨੁਕਤੇ ’ਤੇ ਉਨ੍ਹਾਂ ਇਹ ਗੱਲ ਨਹੀਂ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਬੇਅਦਬੀ ਵਿੱਚ ਸ਼ਾਮਲ ਨਹੀਂ ਹਨ। ਭਾਵੇਂ ਬਾਦਲ ਨੇ ਖੁਦ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨਹੀਂ ਕੀਤੀ ਸੀ ਪਰ ਇਸ ਮਾਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਰੱਦ ਨਹੀਂ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਬਾਦਲ ਪਵਿੱਤਰ ਗ੍ਰੰਥ ਦੀ ਬੇਅਦਬੀ ਦਾ ਜੁਰਮ ਕਰਨ ਵਾਲੇ ਵਿਅਕਤੀ ਜਿੰਨੇ ਹੀ ਜ਼ਿੰਮੇਵਾਰ ਹਨ ਜਿਸ ਨਾਲ ਸੂਬੇ ਅਤੇ ਲੋਕਾਂ ਲਈ ਇਕ ਤੋਂ ਬਾਅਦ ਇਕ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਬਾਦਲ ਨਾ ਸਿਰਫ ਆਪਣੇ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿੱਚ ਨਾਕਾਮ ਰਹੇ ਸਗੋਂ ਉਨ੍ਹਾਂ ਨੇ ਦੋਸ਼ੀਆਂ ਨੂੰ ਸਾਫ ਬਰੀ ਹੋ ਕੇ ਨਿਕਲਣ ਦੀ ਇਜਾਜ਼ਤ ਦਿੱਤੀ। ਕੈਪਟਨ ਨੇ ਕਿਹਾ ਕਿ ਚੋਣਾਂ ਵਿੱਚ ਸਮਰਥਨ ਜੁਟਾਉਣ ਲਈ ਬਾਦਲ ਦਾ ਡੇਰੇ ਨਾਲ ਖੜ੍ਹਨ ਦਾ ਫ਼ੈਸਲਾ ਸਿਆਸੀ ਕਦਮ ਸੀ ਪਰ ਇਸ ਨਾਲ ਅਪਰਾਧਿਕ ਕਾਰਵਾਈਆਂ ਨੇ ਸਿਰ ਚੁੱਕਿਆ ਜਦਕਿ ਉਹ ਸਿੱਧੇ ਤੌਰ ’ਤੇ ਬੇਸ਼ੱਕ ਜ਼ਿੰਮੇਵਾਰ ਨਾ ਹੋਣ ਪਰ ਉਨ੍ਹਾਂ ਦੀ ਜੁਆਬਦੇਹੀ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਅਪਰਾਧਿਕ ਕਾਰਵਾਈਆਂ ਤਾਂ ਇਕ ਪੱਖ ਹੈ ਜਿਸ ਲਈ ਸ਼ਾਇਦ ਬਾਦਲ ਦੋਸ਼ੀ ਨਾ ਹੋਣ ਪਰ ਬਾਕੀ ਜੋ ਕੁਝ ਵਾਪਰਿਆ, ਉਸ ਲਈ ਕੌਣ ਜ਼ਿੰਮੇਵਾਰ ਹੈ। ਡੇਰੇ ਨਾਲ ਸਬੰਧਾਂ ਬਾਰੇ ਕੀ ਕਿਹਾ ਜਾਵੇ ਜਿਸ ਨਾਲ ਬੇਅਦਬੀ ਲਈ ਹਾਲਾਤ ਪੈਦਾ ਹੋਏ ਅਤੇ ਇਸ ਤੋਂ ਬਾਅਦ ਗੋਲੀਬਾਰੀ ਹੋਈ ਜਿਸ ਵਿੱਚ ਕੁਝ ਲੋਕ ਮਾਰੇ ਗਏ ਜਦਕਿ ਕੁਝ ਨਾਕਾਰਾ ਤੇ ਜ਼ਖਮੀ ਹੋ ਗਏ ਸਨ।’’ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇੰਟਰਵਿਊ ਵਿੱਚ ਵੀ ਇਨ੍ਹਾਂ ਤੱਥਾਂ ਨਾਲ ਸਭ ਕੁਝ ਸਪੱਸ਼ਟ ਕੀਤਾ ਸੀ ਪਰ ਬਦਕਿਸਮਤੀ ਨਾਲ ਮੀਡੀਆ ਨੇ ਆਪਣੀ ਇੰਟਰਵਿਊ ਨੂੰ ਸਨਸਨੀਖੇਜ਼ ਬਣਾਉਣ ਲਈ ਗਲਤ ਸੁਰਖੀ ਕੱਢੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਮੁੱਖ ਮੰਤਰੀ ਵਜੋਂ ਅਤੇ ਸੁਖਬੀਰ ਨੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੁੰਦਿਆਂ ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਸੀ ਅਤੇ ਇਨ੍ਹਾਂ ਦੋਵਾਂ ਦੇ ਦਾਅਵੇ ਮੁਤਾਬਕ ਉੱਥੇ ਕੀ ਵਾਪਰਿਆ ਸੀ, ਇਸ ਬਾਰੇ ਇਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਸੀ ਤਾਂ ਫੇਰ ਇਹ ਕਿਹੋ ਜਿਹੇ ਆਗੂ ਹਨ। ਇਹ ਸਰਕਾਰ ਕਿਸ ਤਰ੍ਹਾਂ ਦੀ ਚਲਾਉਂਦੇ ਰਹੇ ਹਨ। ਕਾਨੂੰਨ ਕਿਸੇ ਵੀ ਅਪਰਾਧ ਲਈ ਅਪਰਾਧੀ ਨਾਲੋਂ ਸਾਜ਼ਿਸ਼ਕਾਰ ਨੂੰ ਵੱਧ ਜ਼ਿੰਮੇਵਾਰ ਠਹਿਰਾਉਂਦਾ ਹੈ।
INDIA ਬੇਅਦਬੀ ਮਾਮਲਿਆਂ ’ਚ ਬਾਦਲ ਨੂੰ ਕਲੀਨ ਚਿੱਟ ਨਹੀਂ ਦਿੱਤੀ: ਕੈਪਟਨ